ਪੰਜਾਬ ਦੇ ਰਾਜਪਾਲ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
ਪੰਜਾਬ ਦੇ ਰਾਜਪਾਲ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
Publish Date: Sat, 16 May 2026 06:21 PM (IST)
Updated Date: Sun, 17 May 2026 04:10 AM (IST)

ਪੁਲਿਸ ਜ਼ਬਰ ਨਾਲ ਸੰਘਰਸ਼ਾਂ ਨੂੰ ਦਬਾਇਆ ਨਹੀਂ ਜਾ ਸਕਦਾ : ਐੱਸਕੇਐੱਮ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਐੱਸਕੇਐੱਮ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਪੰਜਾਬ ਦੀ ਨੁਮਾਇੰਦਗੀ ਦਾ ਹੱਕ ਖੋਹਣ ਦੇ ਖ਼ਿਲਾਫ਼, ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ/ ਬੇਸਨ ਸਿਧਾਂਤ ਅਨੁਸਾਰ ਹੱਲ ਕਰਵਾਉਣ ਲਈ, ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਤੇ 80 ਰੱਦ ਕਰਵਾਉਣ ਲਈ, ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਹਵਾਲੇ ਕਰਵਾਉਣ ਲਈ, ਸੁਸਾਇਟੀਆਂ ’ਚ ਵਧਿਆ ਹੋਇਆ ਹੱਦ ਕਰਜ਼ਾ ਲਾਗੂ ਕਰਵਾਉਣ ਲਈ ਰਾਜ ਭਵਨ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਸੀ। ਹਜ਼ਾਰਾਂ ਜੁਝਾਰੂ ਕਿਸਾਨਾਂ ਦਾ ਕਾਫ਼ਲਾ ਮੋਹਾਲੀ-ਚੰਡੀਗੜ੍ਹ ਬੈਰੀਅਰ ਕਰਾਸ ਕਰਕੇ ਰਾਜ ਭਵਨ ਚੰਡੀਗੜ੍ਹ ਵੱਲ ਅਮਨ ਪੂਰਵਕ ਮਾਰਚ ਕਰਨ ਲਈ ਅੱਗੇ ਵਧਿਆ ਤਾਂ ਪੁਲਿਸ ਨੇ ਸਖ਼ਤ ਨਾਕੇਬੰਦੀ ਕਰਕੇ ਰੋਕ ਦਿੱਤਾ। ਇਹ ਨਾਕੇ ਤੋਂ ਜਿਉਂ ਹੀ ਕਾਫ਼ਲਿਆਂ ਨੇ ਅੱਗੇ ਵਧਣਾ ਚਾਹਿਆ ਤਾਂ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਵਰਾਏ ਤੇ ਵੱਡੀ ਗਿਣਤੀ ’ਚ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅੱਧਾ ਘੰਟਾ ਕਿਸਾਨਾਂ ਤੇ ਪੁਲਿਸ ਵਿਚਕਾਰ ਗਹਿਗੱਚ ਜ਼ੋਰ ਅਜ਼ਮਾਈ ਹੋਈ। ਐੱਸਕੇਐੱਮ ਵੱਲੋਂ ਇਸ ਪੁਲਿਸ ਜ਼ਬਰ ਖ਼ਿਲਾਫ਼ 16 ਮਈ ਨੂੰ ਪੂਰੇ ਪੰਜਾਬ ਵਿਚ ਪੰਜਾਬ ਦੇ ਰਾਜਪਾਲ ਤੇ ਭਾਜਪਾ ਦੇ ਪੁਤਲੇ ਫੂਕਣ ਦੇ ਦਿੱਤੇ ਅਨੁਸਾਰ ਕਚਹਿਰੀ ਚੌਕ ਬਰਨਾਲਾ ਵਿਖੇ ਰਾਜਪਾਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਐੱਸਕੇਐੱਮ ਦੇ ਆਗੂਆਂ ਮਨਜੀਤ ਰਾਜ, ਹਰਪਾਲ ਸਿੰਘ, ਨਿਰਪਜੀਤ ਸਿੰਘ, ਅਮਰਜੀਤ ਕੌਰ, ਚਰਨਜੀਤ ਕੌਰ, ਰਣਜੀਤ ਸਿੰਘ, ਕਮਲਜੀਤ ਕੌਰ ਨੇ ਕਿਹਾ ਕਿ ਹਾਕਮਾਂ ਨੂੰ ਪੰਜਾਬ ਦੇ ਸੂਰਬੀਰਤਾ ਵਾਲੇ ਕੰਧ ਤੇ ਲਿਖੇ ਇਤਿਹਾਸ ਨੂੰ ਪੜ੍ਹ ਲੈਣਾ ਚਾਹੀਦਾ ਹੈ ਕਿ ਪੁਲਿਸ ਜ਼ਬਰ ਨਾਲ ਸੰਘਰਸ਼ਸ਼ੀਲ ਕਾਫ਼ਲਿਆਂ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਅਰਥੀ ਫੂਕ ਪ੍ਰਦਰਸ਼ਨ ਨੂੰ ਭਰਾਤਰੀ ਜਥੇਬੰਦੀਆਂ ਵੱਲੋਂ ਪੂਰਨ ਹਮਾਇਤ ਦਿੱਤੀ ਗਈ। ਭਰਾਤਰੀ ਜਥੇਬੰਦੀਆਂ ਦੇ ਬੁਲਾਰੇ ਆਗੂਆਂ ਪ੍ਰੇਮ ਪਾਲ ਕੌਰ, ਸੋਹਣ ਸਿੰਘ ਮਾਝੀ, ਬਿੱਕਰ ਸਿੰਘ ਔਲਖ, ਰਾਜੀਵ ਕੁਮਾਰ, ਗਾ ਰਜਿੰਦਰ ਪਾਲ, ਕੁਲਵੀਰ ਸਿੰਘ ਔਲਖ, ਗੁਰਲਾਭ ਸਿੰਘ ਮੌੜ, ਗੁਰਪ੍ਰੀਤ ਸਿੰਘ ਰੂੜੇਕੇ, ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਹਰ ਤਬਕਾ ਜਦੋਂ ਵੀ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦਾ ਹੈ ਤਾਂ ਸਤਾ ਉੱਪਰ ਕਾਬਜ਼ ਲੋਕ ਭਾਵੇਂ ਉਹ ਕਿਸੇ ਵੀ ਰੰਗ ਦੇ ਹੋਣ, ਪੁਲਿਸ ਦੀ ਬੇਦਰੇਗ ਵਰਤੋਂ ਕਰਕੇ ਸੰਘਰਸ਼ ਨੂੰ ਜ਼ਬਰ ਨਾਲ ਦਬਾਉਣ ਦਾ ਭਰਮ ਪਾਲਦੇ ਹਨ। ਹਕੂਮਤ ਦਾ ਜ਼ਬਰ ਸੰਘਰਸ਼ ਨਾਲ ਦਬਾਉਣ ਦੀ ਥਾਂ ਸੰਘਰਸ਼ਾਂ ਦੀ ਖੁਰਾਕ ਬਣ ਜਾਂਦਾ ਹੈ। ਬੁਲਾਰਿਆਂ ਨੇ ਰਾਜਪਾਲ ਪੰਜਾਬ ਤੇ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਤਿਆਗਕੇ, ਇਨ੍ਹਾਂ ਸੰਘਰਸ਼ਾਂ ਨੂੰ ਲਾਠੀ ਗੋਲੀ ਨਾਲ ਦਬਾਉਣ ਦਾ ਭਰਮ ਪਾਲਣ ਦੀ ਥਾਂ ਮੰਗਾਂ ਮੰਨਣ ਦੀ ਅਪੀਲ ਕੀਤੀ।