ਕਣਕ ਦੀ ਖੜ੍ਹੀ ਫਸਲ ਨੂੰ ਲੱਗੀ ਅੱਗ, ਠੇਕੇ ’ਤੇ ਲਈ 3 ਏਕੜ ਕਣਕ ਸੜ ਕੇ ਸਵਾਹ
ਕਣਕ ਦੀ ਖੜ੍ਹੀ ਫਸਲ ਨੂੰ ਲੱਗੀ ਅੱਗ, ਠੇਕੇ ’ਤੇ ਲਈ 3 ਏਕੜ ਕਣਕ ਸੜ ਕੇ ਸਵਾਹ
Publish Date: Sat, 18 Apr 2026 04:16 PM (IST)
Updated Date: Sun, 19 Apr 2026 04:01 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਜਿੱਥੇ ਇੱਕ ਪਾਸੇ ਕਿਸਾਨ ਖਰਾਬ ਮੌਸਮ ਦੀ ਮਾਰ ਝੱਲ ਰਿਹਾ ਹੈ ਉਥੇ ਹੀ ਸ਼ਨਿੱਚਰਵਾਰ ਨੂੰ ਨੇੜਲੇ ਪਿੰਡ ਦਰਾਜ ਦੀ ਅਨਾਜ ਮੰਡੀ ਨਜ਼ਦੀਕ ਸਥਿਤ ਇਕ ਕਿਸਾਨ ਵੱਲੋਂ ਠੇਕੇ ’ਤੇ ਲਈ ਜ਼ਮੀਨ ’ਚ ਬੀਜਾਂਦ ਕੀਤੀ ਕਣਕ ਨੂੰ ਅੱਗ ਲੱਗਣ ਦੀ ਘਟਨਾ ਨਾਲ ਲਗਭਗ 3 ਕਿੱਲੇ ਕਣਕ ਸੜ ਕੇ ਸਵਾਹ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਕਿਸਾਨ ਜਗਸੀਰ ਸਿੰਘ ਪੁੱਤਰ ਛੋਟਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸਨੇ ਤਿੰਨ ਏਕੜ ਦੇ ਕਰੀਬ ਜ਼ਮੀਨ ਠੇਕੇ ’ਤੇ ਲੈ ਕੇ ਕਣਕ ਦੀ ਬਿਜਾਂਦ ਕੀਤੀ ਸੀ। ਜਦ ਉਹ ਅੱਜ ਕੰਬਾਈਨ ਰਾਹੀਂ ਕਣਕ ਦੀ ਕਟਾਈ ਕਰਵਾ ਰਿਹਾ ਸੀ ਤਾਂ ਅਚਾਨਕ ਹੀ ਬਿਜਲੀ ਦੀ ਤਾਰਾਂ ਚ ਸਪਾਰਕਿੰਗ ਹੋ ਗਈ। ਇਸ ਕਾਰਨ ਖੜ੍ਹੀ ਫਸਲ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਖੇਤਾਂ ’ਚ ਕੰਮ ਕਰਦੇ ਲੋਕ ਮੌਕੇ ’ਤੇ ਪੁੱਜੇ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਅਨਾਉਂਸਮੈਂਟ ਕਰਵਾਈ ਗਈ। ਉਪਰੰਤ ਸਮੂਹ ਪਿੰਡ ਵਾਸੀ ਤੇ ਨਜ਼ਦੀਕ ਅਨਾਜ ਮੰਡੀ ’ਚ ਬੈਠੇ ਲੋਕ ਆਪੋ ਆਪਣੇ ਟਰੈਕਟਰਾਂ, ਪਾਣੀ ਦੀਆਂ ਬਾਲਟੀਆਂ, ਦਰੱਖਤਾਂ ਦੀਆਂ ਟਾਹਣੀਆਂ ਤੇ ਹੋਰ ਸਾਧਨ ਲੈ ਕੇ ਮੌਕੇ ’ਤੇ ਪੁੱਜੇ ਤੇ ਰਾਹਤ ਕਾਰਜਾਂ ’ਚ ਜੁਟ ਗਏ। ਕੰਬਾਈਨ ਦੇ ਚਾਲਕ ਨੇ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਫਾਇਰਮੈਨ ਹਰਜਿੰਦਰ ਸਿੰਘ ਅਤੇ ਰਾਜਦੀਪ ਸਿੰਘ, ਡਰਾਈਵਰ ਹਰਪਾਲ ਸਿੰਘ ਦੀ ਅਗਵਾਈ ਚ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਸੀ, ਪਰ ਦਰਾਜ ਰੇਲਵੇ ਫਾਟਕ ਬੰਦ ਹੋਣ ਕਾਰਨ ਕੁਝ ਲੇਟ ਜਰੂਰ ਹੋ ਗਈ, ਪਰ ਅੱਗ ਤੇ ਉਸ ਤੋਂ ਪਹਿਲਾਂ ਹੀ ਕਾਬੂ ਪਾ ਲਿਆ ਗਿਆ।ਕਿਸਾਨਾਂ ਸਰਪੰਚ ਗੁਰਜੰਟ ਸਿੰਘ ਧਾਲੀਵਾਲ,ਸੁਖਪ੍ਰੀਤ ਸਿੰਘ,ਸੁਖਪਾਲ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ, ਬੰਤ ਸਿੰਘ, ਗੁਰਜੰਟ ਸਿੰਘ ਸਾਬਕਾ ਪੰਚ, ਮਹਿੰਦਰ ਸਿੰਘ,ਪਰਮਜੀਤ ਸਿੰਘ ਅਨੁਸਾਰ ਅੱਗ ਕਾਰਨ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਨਾਲ ਪ੍ਰਭਾਵਿਤ ਕਿਸਾਨ ਨੂੰ ਭਾਰੀ ਆਰਥਿਕ ਝਟਕਾ ਲੱਗਿਆ ਹੈ। ਮੌਕੇ ਤੇ ਮੌਜੂਦ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਗਿਰਦਾਵਰੀ ਕਰਵਾ ਕੇ ਬਣਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।