ਪ੍ਰੀਪੇਡ ਮੀਟਰਾਂ ਨੇ ਸਰਕਾਰੀ ਸਕੂਲਾਂ ਦੀ ਬੱਤੀ ਕੀਤੀ ਗੁੱਲ
ਪ੍ਰੀਪੇਡ ਮੀਟਰਾਂ ਨੇ ਸਰਕਾਰੀ ਸਕੂਲਾਂ ਦੀ ਬੱਤੀ ਕੀਤੀ ਗੁੱਲ
Publish Date: Sat, 09 May 2026 05:05 PM (IST)
Updated Date: Sun, 10 May 2026 04:06 AM (IST)

ਨੰਗਲ ਤੇ ਠੁੱਲੇਵਾਲ ਸਕੂਲਾਂ ਦੀ ਬਿਜਲੀ ਸਪਲਾਈ ਠੱਪ, ਗਰਮੀ ’ਚ ਬੱਚੇ ਤੇ ਸਟਾਫ਼ ਪ੍ਰੇਸ਼ਾਨ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਵੱਲੋਂ ਲਗਾਏ ਸਮਾਰਟ ਪ੍ਰੀਪੇਡ ਬਿਜਲੀ ਮੀਟਰ ਹੁਣ ਸਰਕਾਰੀ ਸਕੂਲਾਂ ਲਈ ਵੱਡੀ ਮੁਸੀਬਤ ਬਣਦੇ ਨਜ਼ਰ ਆ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਨੇੜਲੇ ਪਿੰਡਾਂ ਨੰਗਲ ਤੇ ਠੁੱਲੇਵਾਲ ਦੇ ਸਰਕਾਰੀ ਹਾਈ ਸਕੂਲਾਂ ’ਚ ਪ੍ਰੀਪੇਡ ਮੀਟਰਾਂ ਦਾ ਬੈਲੇਂਸ ਖ਼ਤਮ ਹੋਣ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਪਿੰਡ ਠੁੱਲੇਵਾਲ ਦੇ ਸਕੂਲ ਦੀ ਬਿਜਲੀ ਕਰੀਬ 30 ਅਪ੍ਰੈਲ ਤੋਂ ਬੰਦ ਹੈ, ਜਦਕਿ ਨੰਗਲ ਸਕੂਲ ਦੀ ਸਪਲਾਈ 6 ਮਈ ਤੋਂ ਕੱਟੀ ਹੋਈ ਹੈ। ਸਕੂਲ ਸਟਾਫ਼ ਵੱਲੋਂ ਬਿਜਲੀ ਵਿਭਾਗ ਨਾਲ ਸੰਪਰਕ ਕਰਨ ’ਤੇ ਦੱਸਿਆ ਕਿ ਰੀਚਾਰਜ ਹੋਣ ਉਪਰੰਤ ਹੀ ਬਿਜਲੀ ਮੁੜ ਚਾਲੂ ਹੋਵੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਠੁੱਲੇਵਾਲ ਸਕੂਲ ਦਾ ਕਰੀਬ 2000 ਰੁਪਏ ਤੇ ਨੰਗਲ ਸਕੂਲ ਦਾ 4900 ਰੁਪਏ ਬਕਾਇਆ ਹੈ। ਫੰਡਾਂ ਦੀ ਘਾਟ ਕਾਰਨ ਸਕੂਲ ਇਹ ਰਕਮ ਭਰਨ ਤੋਂ ਅਸਮਰਥ ਹਨ, ਜਿਸ ਕਰਕੇ ਮਾਮਲਾ ਸਿੱਖਿਆ ਵਿਭਾਗ ਤੱਕ ਪਹੁੰਚਾਇਆ ਗਿਆ ਹੈ। ਬਿਜਲੀ ਬੰਦ ਹੋਣ ਨਾਲ ਸਕੂਲਾਂ ’ਚ ਪੀਣ ਵਾਲੇ ਪਾਣੀ ਲਈ ਲੱਗੇ ਸਮਰਸੀਬਲ ਪੰਪ ਵੀ ਬੰਦ ਪਏ ਹਨ। ਇਸ ਤੋਂ ਇਲਾਵਾ ਪੱਖੇ, ਕੰਪਿਊਟਰ ਲੈਬ, ਸਮਾਰਟ ਕਲਾਸਰੂਮ ਅਤੇ ਆਨਲਾਈਨ ਸਿਸਟਮ ਵੀ ਠੱਪ ਹੋ ਚੁੱਕੇ ਹਨ। ਚੜ੍ਹਦੀ ਗਰਮੀ ’ਚ ਬਿਨਾਂ ਪੱਖਿਆਂ ਦੇ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀਟੀਐਫ ਦੇ ਜ਼ਿਲ੍ਹਾ ਆਗੂ ਰਾਜੀਵ ਕੁਮਾਰ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸਰਕਾਰ ਤੇ ਸੰਬੰਧਿਤ ਵਿਭਾਗ ਤੁਰੰਤ ਇਸ ਮਸਲੇ ਦਾ ਹੱਲ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਮੱਸਿਆ ਦਾ ਫੌਰੀ ਨਿਪਟਾਰਾ ਨਾ ਕੀਤਾ ਗਿਆ ਤਾਂ ਹੋਰ ਸਕੂਲ ਵੀ ਇਸ ਸੰਕਟ ਦਾ ਸ਼ਿਕਾਰ ਹੋ ਸਕਦੇ ਹਨ।ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਰਨਾਲਾ ਸੁਨੀਤਇੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਪਾਵਰਕਾਮ ਨਾਲ ਗੱਲਬਾਤ ਕਰਕੇ ਜਲਦ ਬਿਜਲੀ ਸਪਲਾਈ ਮੁੜ ਚਾਲੂ ਕਰਵਾਈ ਜਾਵੇਗੀ।