ਨਸ਼ੇ ਦੀ ਓਵਰਡੋਜ਼ ਨਾਲ 4 ਬੱਚਿਆਂ ਦੇ ਪਿਓ ਦੀ ਮੌਤ
ਨਸ਼ੇ ਦੇ ਦੈਂਤ ਨੇ ਨਿਗਲਿਆ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਚਾਰ ਬੱਚਿਆਂ ਦੇ ਪਿਤਾ ਦੀ ਮੌਤ
Publish Date: Mon, 23 Feb 2026 07:27 PM (IST)
Updated Date: Tue, 24 Feb 2026 04:10 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲਣ ਲਈ ਪੰਜਾਬ ਸਰਕਾਰ ਵੱਲੋਂ ਵਿਢੀ ਹੋਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਸਫਲ ਬਣਾਉਣ ਲਈ ਭਾਵੇਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਪ੍ਰੰਤੂ ਦੂਜੇ ਪਾਸੇ ਜਮੀਨੀ ਪੱਧਰ ਤੇ ਇਸ ਦੀ ਤਸਵੀਰ ਕੁਝ ਹੋਰ ਹੀ ਹੈ। ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦਾਅਵੇ ਠੁੱਸ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ। ਜਿਸਦੀ ਤਾਜ਼ਾ ਮਿਸਾਲ ਢਿਲਵਾਂ ਡਰੇਨ ਨਜ਼ਦੀਕ ਸਥਿਤ ਖੇਤਾਂ ਚ ਦੇਖਣ ਨੂੰ ਮਿਲੀ, ਜਿੱਥੇ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ ਨਾਲ ਮ੍ਰਿਤਕ ਪਾਇਆ ਗਿਆ। ਜਿਸ ਦੀ ਪਹਿਚਾਣ ਰਾਜੂ ਸਿੰਘ ਪੁੱਤਰ ਗੁਰਜੰਟ ਸਿੰਘ ਜਮਾਲਾ ਪੱਤੀ ਰੱਲਾ ਵਜੋਂ ਹੋਈ ਹੈ। ਮੌਕੇ ਤੇ ਪਹੁੰਚੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਨੇ ਦੱਸਿਆ ਕਿ ਢਿਲਵਾਂ ਡਰੇਨ ਨਜ਼ਦੀਕ ਸਥਿਤ ਖੇਤਾਂ ਚ ਇੱਕ ਬੱਕਰੀਆਂ ਵਾਲਾ ਆਪਣੀਆਂ ਬੱਕਰੀਆਂ ਚਰਹਾ ਰਿਹਾ ਸੀ ਤਾਂ ਉਸਦੀ ਨਜਰ ਉਕਤ ਨੌਜਵਾਨ ਤੇ ਪਈ, ਜੋ ਖੇਤ ਵਿਚ ਡਿੱਗਿਆ ਪਿਆ ਸੀ ਦੇ ਨਜ਼ਦੀਕ ਇੱਕ ਸਰਿੰਜ ਪਈ ਸੀ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਖੇਤਾਂ ਚ ਕੰਮ ਕਰਦੇ ਕਿਸਾਨਾਂ ਨੂੰ ਦਿੱਤੀ, ਜਿੰਨਾ ਤੁਰੰਤ ਉਹਨਾਂ ਨੂੰ ਫੋਨ ਕਰਕੇ ਸੂਚਿਤ ਕੀਤਾ। ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਤਿੰਨ ਧੀਆਂ ਅਤੇ ਇੱਕ ਪੁੱਤਰ ਦਾ ਪਿਓ ਹੈ। ਮਿਰਤਕ ਨੌਜਵਾਨ ਆਪਣੀ ਇੱਕ ਧੀ ਨਾਲ ਮੋਟਰਸਾਈਕਲ ਉੱਪਰ ਨਜ਼ਦੀਕੀ ਪਿੰਡ ਸਹੁਰੇ ਘਰ ਜਾ ਰਿਹਾ ਸੀ ਪੁਲਿਸ ਨੇ ਤੁਰੰਤ ਨੌਜਵਾਨ ਦੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਸੂਚਨਾ ਦਿੱਤੀ ਜੋ ਸੂਚਨਾ ਮਿਲਣ ਤੇ ਮੌਕੇ ਤੇ ਪੁਜੇ ਅਤੇ ਮਿੰਨੀ ਸਹਾਰਾ ਦੀ ਕਲੱਬ ਐਬੂਲੈਂਸ ਜਰੀਏ ਮ੍ਰਿਤਕ ਨੂੰ ਸਿਵਲ ਹਸਪਤਾਲ ਤਪਾ ਵਿਖੇ ਪਹੁੰਚਾਇਆ। ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਨਸ਼ਿਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਤਾਂ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੌਤ ਤੋਂ ਸਬਕ ਸਿੱਖਣਾ ਜ਼ਰੂਰੀ ਹੈ ਤਾਂ ਜੋ ਕਿਸੇ ਹੋਰ ਪਰਿਵਾਰ ਨੂੰ ਇਸ ਦਰਦ ਵਿਚੋਂ ਨਾ ਗੁਜ਼ਰਨਾ ਪਵੇ ਘਟਨਾ ਬਾਰੇ ਪਤਾ ਲੱਗਦੇ ਹੀ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋ ਪੁਲਿਸ ਪਾਰਟੀ ਸਮੇਤ ਘਟਨਾ ਬਾਲੀ ਥਾਂ ’ਤੇ ਪਹੁੰਚੇ।