ਸਰਕਾਰੀ ਪ੍ਰਾਇਮਰੀ ਸਕੂਲ ’ਚ ਬੱਚਿਆਂ ਨੂੰ ਕਿੱਟ ਬੈਗ ਵੰਡੇ
ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਵਿਖੇ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਕਿੱਟ ਬੈਗਾਂ ਦੀ ਵੰਡ
Publish Date: Wed, 08 Apr 2026 04:41 PM (IST)
Updated Date: Wed, 08 Apr 2026 04:44 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਵਿਖੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਤੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ। ਇਸ ਦੌਰਾਨ ਸਕੂਲ ਦੇ ਸਾਰੇ 31 ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਵਿਸ਼ੇਸ਼ `ਕਿੱਟ ਬੈਗ` ਵੰਡੇ ਗਏ। ਸਕੂਲ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਸ਼ਲਾਘਾਯੋਗ ਕਾਰਜ ਇਲਾਕੇ ਦੇ ਨਾਮਵਰ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਸੰਭਵ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਪੰਚ ਤੇ ਗੁਰਮੇਲ ਸਿੰਘ ਰਿਟਾ. ਮੈਨੇਜਰ ਫੂਡ ਸਪਲਾਈ ਵਲੋਂ ਬੱਚਿਆਂ ਲਈ ਇਹ ਬੈਗ ਦਾਨ ਵਜੋਂ ਦਿੱਤੇ ਗਏ ਹਨ। ਸਕੂਲ ਪ੍ਰਬੰਧਕਾਂ ਨੇ ਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਸਰਕਾਰੀ ਸਕੂਲਾਂ ’ਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਮਨੋਬਲ ਵਧਦਾ ਹੈ। ਇਸ ਦੌਰਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਉਹ ਸਾਰੀਆਂ ਆਧੁਨਿਕ ਸਹੂਲਤਾਂ ਮਿਲ ਰਹੀਆਂ ਹਨ। ਜੋ ਮਹਿੰਗੇ ਪ੍ਰਾਈਵੇਟ ਸਕੂਲਾਂ ’ਚ ਮਿਲਦੀਆਂ ਹਨ। ਉਨ੍ਹਾਂ ਸਮਾਜ ਦੇ ਹੋਰ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਧ-ਚੜ੍ਹ ਕੇ ਅੱਗੇ ਆਉਣ ਤਾਂ ਜੋ ਬਾਕੀ ਰਹਿੰਦੇ ਬੱਚਿਆਂ ਨੂੰ ਵੀ ਅਜਿਹੀਆਂ ਸਹੂਲਤਾਂ ਤੇ ਕਿੱਟਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਸਕੂਲ ਕਮੇਟੀ ਦੇ ਸੀਨੀਅਰ ਮੈਂਬਰ ਹਰਬੰਸ ਸਿੰਘ ਫੌਜੀ, ਨੀਲਮ ਯਾਦਵ, ਨਵਜੋਤ ਕੌਰ ਸਣੇ ਅਧਿਆਪਕ ਹਰਜਿੰਦਰ ਭੱਟੀ ਤੇ ਗਗਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਕੂਲ ਸਟਾਫ਼ ਨੇ ਸਮੂਹ ਦਾਨੀਆਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ।