ਠੀਕਰੀਵਾਲਾ ਦੀ ਪੁਸਤਕ ’ਤੇ ਗੋਸ਼ਟੀ ਕਰਵਾਈ
ਬਲਵਿੰਦਰ ਸਿੰਘ ਠੀਕਰੀਵਾਲਾ ਦੀ ਪੁਸਤਕ 'ਤੇ ਗੋਸ਼ਟੀ ਹੋਈ
Publish Date: Sun, 17 May 2026 04:08 PM (IST)
Updated Date: Mon, 18 May 2026 04:01 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਾਹਿਤ ਸਰਵਰ ਬਰਨਾਲਾ ਵੱਲੋਂ ਸਰਵਰ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲਾ ਦੀ ਸੰਪਾਦਿਤ ਪੁਸਤਕ ਰੋਸ਼ਨ ਮੀਨਾਰ ਸੇਵਾ ਸਿੰਘ ਠੀਕਰੀਵਾਲਾ ’ਤੇ ਗੋਸ਼ਟੀ ਤੇ ਕਵੀ ਦਰਬਾਰ ਸਰਕਾਰੀ ਸੀਨੀਅਰ ਸੈਕੰਡਰੀ ਆਫ ਐਮੀਨੈਂਸ ਸਕੂਲ ਹੰਢਿਆਇਆ ਬਾਜ਼ਾਰ ਬਰਨਾਲਾ ਵਿਖੇ ਕਰਵਾਏ ਗਏ। ਇਸ ਵਿਚ ਪੁਸਤਕ ’ਤੇ ਪੇਪਰ ਪੜ੍ਹਦਿਆਂ ਪ੍ਰਸਿੱਧ ਆਲੋਚਕ ਡਾ. ਰਾਮਪਾਲ ਸ਼ਾਹਪੁਰੀ ਨੇ ਕਿਹਾ ਕਿ ਪੁਸਤਕ ਵਿਚ 14 ਪ੍ਰਸਿੱਧ ਲੇਖਕਾਂ ਦੇ ਲੇਖ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਲੇਖਾਂ ਵਿਚੋਂ ਠੀਕਰੀਵਾਲਾ ਦੇ ਦੇਸ਼ ਦੀ ਆਜ਼ਾਦੀ ਤੇ ਰਜਵਾੜਾਸ਼ਾਹੀ ਵਿਰੱਧ ਕੀਤੇ ਸਾਂਝੇ ਸੰਘਰਸ਼ ਦੀ ਜਾਣਕਾਰੀ ਮਿਲਦੀ ਹੈ, ਜੋ ਨੌਜਵਾਨ ਪੀੜ੍ਹੀ ਦੇ ਮਨ ਵਿਚ ਸਵੈਮਾਨ ਨਾਲ਼ ਜਿਉਣ ਦਾ ਜਜ਼ਬਾ ਪੈਦਾ ਕਰੇਗੀ। ਸਮਾਗਮ ਦੇ ਮੁੱਖ ਮਹਿਮਾਨ ਸ਼ਾਇਰ ਤਰਸੇਮ ਨੇ ਕਿਹਾ ਕਿ ਪੁਸਤਕ ਵਿਚਲੇ ਲੇਖ ਜ਼ਿਆਦਾਤਰ ਜਗਜੀਤ ਸਿੰਘ ਔਲਖ ਦੀ ਠੀਕਰੀਵਾਲਾ ਬਾਰੇ ਲਿਖੀ ਪੁਸਤਕ ਤੇ ਆਧਾਰਿਤ ਹਨ। ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਰਸਿੱਧ ਕਵੀ ਸੀ ਮਾਰਕੰਡਾ ਨੇ ਕਿਹਾ ਕਿ ਪੁਸਤਕ ਦੇ ਪਾਠ ਉਪਰੰਤ ਪਾਠਕ ਨੂੰ ਠੀਕਰੀਵਾਲਾ ਦੀ ਸ਼ਹਾਦਤ ਵੇਲੇ, ਪਿੱਛੋਂ ਤੇ ਪਹਿਲਾਂ ਦੇ ਸਮਾਜਿਕ ਅਤੇ ਰਜਵਾੜਾਸ਼ਾਹੀ ਦੇ ਲੋਕਾਂ ਤੇ ਢਾਹੇ ਕਹਿਰ ਬਾਰੇ ਵੀ ਜਾਣਕਾਰੀ ਮਿਲਦੀ ਹੈ। ਮੁਲਾਜ਼ਮ ਆਗੂ ਤਰਸੇਮ ਸਿੰਘ ਭੱਠਲ, ਇਕਬਾਲ ਕੌਰ ਉਦਾਸੀ, ਸਰਵਨ ਸਿੰਘ ਕਾਲਾਬੂਲਾ, ਸਾਗਰ ਸਿੰਘ ਸਾਗਰ, ਨਛੱਤਰ ਸਿੰਘ ਠੀਕਰੀਵਾਲਾ, ਦਰਸ਼ਨ ਸਿੰਘ ਠੀਕਰੀਵਾਲਾ, ਲਾਭ ਸਿੰਘ ਔਲਖ, ਕੁਲਵੰਤ ਸਿੰਘ ਧਿੰਗੜ ਅਤੇ ਜੁਗਰਾਜ ਚੰਦ ਰਾਏਸਰ ਨੇ ਸੰਪਾਦਕ ਦੇ ਕੀਤੇ ਗਏ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਕਿਤਾਬ ਵਿਚ ਕੁਝ ਰਹਿ ਗਈਆਂ ਕਮੀਆਂ ਤੋਂ ਵੀ ਜਾਣੂੰ ਕਰਵਾਇਆ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਪੁਸਤਕ ਦੇ ਸੰਪਾਦਕ ਨੂੰ ਚਰਚਾ ਦੌਰਾਨ ਬੁਲਾਰਿਆਂ ਦੇ ਦਿੱਤੇ ਗਏ ਸੁਝਾਵਾਂ ਨੂੰ ਪ੍ਰਵਾਨ ਕਰਕੇ ਪੁਸਤਕ ਦਾ ਦੂਜਾ ਐਡੀਸ਼ਨ ਛਾਪਣਾ ਚਾਹੀਦਾ ਹੈ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ, ਰਾਜਿੰਦਰ ਸ਼ੌਂਕੀ, ਰੁਪਿੰਦਰ ਕੌਰ ਸੰਧੂ, ਅਕ੍ਰਿਤੀ ਕੌਸ਼ਲ, ਲਖਵਿੰਦਰ ਸਿੰਘ ਠੀਕਰੀਵਾਲਾ, ਜਸਵਿੰਦਰ ਕੌਰ ਘਨੌਰੀ, ਅਰਮਾਨ ਭੋਤਨਾ ਅਤੇ ਮਨੀ ਅਮ੍ਰਿਤਸਰੀ ਨੇ ਆਪਣੇ ਗੀਤ ਅਤੇ ਕਾਵਿ ਵੰਨਗੀਆਂ ਪੇਸ਼ ਕੀਤੀਆਂ। ਗੁਰਮਤਿ ਵਿਦਿਆਲਿਆ ਠੀਕਰੀਵਾਲਾ ਦੇ ਵਿੱਦਿਆਰਥੀਆਂ ਹੁਸਨਪ੍ਰੀਤ ਕੌਰ ਦੇ ਜਥੇ ਅਤੇ ਆਕਾਸ਼ਦੀਪ ਸਿੰਘ ਦੇ ਜਥੇ ਨੇ ਕਵੀਸ਼ਰੀਆਂ ਪੇਸ਼ ਕੀਤੀਆਂ। ਇਸ ਮੌਕੇ ਹਾਕਮ ਸਿੰਘ ਰੂੜੇਕੇ, ਡਾ ਅਮਨਦੀਪ ਸਿੰਘ ਟੱਲੇਵਾਲੀਆ, ਤੇਜਿੰਦਰ ਸਿੰਘ ਚੰਡਿਹੋਕ ਅਤੇ ਕਰਮਜੀਤ ਭੋਤਨਾ ਆਦਿ ਪੰਜਾਬੀ ਕਵੀ ਹਾਜ਼ਿਰ ਸਨ । ਸਰਵਰ ਦੇ ਅਹੁਦੇਦਾਰਾਂ ਵੱਲੋਂ ਬਲਵਿੰਦਰ ਸਿੰਘ ਠੀਕਰੀਵਾਲਾ ਦਾ ਸਨਮਾਨ ਵੀ ਕੀਤਾ ਗਿਆ।ਸਟੇਜ ਦਾ ਫ਼ਰਜ਼ ਸਰਵਰ ਦੇ ਜਨਰਲ ਸੈਕਟਰੀ ਕੁਲਵੰਤ ਸਿੰਘ ਧਿੰਗੜ ਨੇ ਨਿਭਾਇਆ।