ਪੀਣ ਵਾਲੇ ਗੰਦੇ ਪਾਣੀ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ
ਖਨੌਰੀ ਚ ਪੀਣ ਵਾਲੇ ਗੰਦੇ ਪਾਣੀ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ
Publish Date: Wed, 08 Apr 2026 08:07 PM (IST)
Updated Date: Wed, 08 Apr 2026 08:11 PM (IST)

- ਗੁੱਸੇ ’ਚ ਆਏ ਲੋਕਾਂ ਨੇ ਕੈਥਲ ਰੋਡ ਪੁਲ ਹੇਠਾਂ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਹਰਜੀਤ ਸਿੰਘ, ਪੰਜਾਬੀ ਜਾਗਰਣ ਖਨੌਰੀ : ਖਨੌਰੀ ਦੇ ਵਾਰਡ ਨੰਬਰ 7, 8 ਅਤੇ 9 ਵਿੱਚ ਪੀਣ ਵਾਲੇ ਪਾਣੀ ਵਿੱਚ ਗੰਦਗੀ ਆਉਣ ਕਾਰਨ ਲੋਕਾਂ ਦਾ ਗੁੱਸਾ ਫੁੱਟ ਪਿਆ। ਗੁੱਸੇ ਵਿੱਚ ਆਏ ਵਾਰਡ ਵਾਸੀਆਂ ਨੇ ਖਨੌਰੀ ਪੁਲ ਹੇਠਾਂ ਧਰਨਾ ਲਾ ਕੇ ਆਵਾਜਾਈ ਜਾਮ ਕਰ ਦਿੱਤੀ। ਧਰਨੇ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ, ਨਗਰ ਪੰਚਾਇਤ ਅਤੇ ਵਾਟਰ ਸਪਲਾਈ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਆ ਰਿਹਾ ਹੈ, ਜਿਸ ਨਾਲ ਸਿਹਤ ਸਬੰਧੀ ਖ਼ਤਰੇ ਵੱਧ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਨਾਰਾਜ਼ ਹੋ ਕੇ ਉਨ੍ਹਾਂ ਨੂੰ ਧਰਨਾ ਦੇਣਾ ਪਿਆ। ਮੌਕੇ ’ਤੇ ਪਹੁੰਚੇ ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੀ ਵਾਟਰ ਸਪਲਾਈ ਮੋਟਰ ਦੀ ਡਰਾਈਵਰੀ ਟੁੱਟ ਕੇ ਡਿੱਗ ਗਈ ਹੈ, ਜਿਸ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਦੌਰਾਨ ਖਨੌਰੀ ਦੇ ਐੱਸਐੱਚਓ ਯੋਗੇਸ਼ ਗਰਗ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਅਤੇ ਆਵਾਜਾਈ ਨੂੰ ਡਾਇਵਰਟ ਕਰ ਕੇ ਸੁਚੱਜੇ ਢੰਗ ਨਾਲ ਚਲਾਇਆ। ਲਗਭਗ ਇੱਕ ਘੰਟੇ ਤੱਕ ਜਾਮ ਲੱਗਿਆ ਰਿਹਾ, ਜਿਸ ਨਾਲ ਆਉਣ-ਜਾਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਾਰਡ ਨੰਬਰ 1 ਦੇ ਕੌਂਸਲਰ ਠੇਕੇਦਾਰ ਮਹਾਵੀਰ ਸਿੰਘ, ਵਾਰਡ ਨੰਬਰ 7 ਦੇ ਕੌਂਸਲਰ ਕੁਲਦੀਪ ਸਿੰਘ ਪੂਣੀਆਂ ਅਤੇ ਵਾਰਡ ਨੰਬਰ 8 ਦੇ ਕੌਂਸਲਰ ਜਸਵਿੰਦਰ ਸਿੰਘ ਜੱਸੂ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਣੀ ਦੀ ਸਮੱਸਿਆ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ। ਉਨ੍ਹਾਂ ਦੇ ਭਰੋਸੇ ’ਤੇ ਵਾਰਡ ਵਾਸੀਆਂ ਨੇ ਧਰਨਾ ਖਤਮ ਕਰ ਦਿੱਤਾ।