ਗ੍ਰੰਥੀ ਸਿੰਘਾਂ ਦੀ ਸੇਵਾ ਬੇਮਿਸਾਲ, ਕੋਈ ਹੋਰ ਨਹੀਂ ਕਰ ਸਕਦਾ ਇਹ ਕੰਮ; ਗਿਆਨੀ ਹਰਪ੍ਰੀਤ ਸਿੰਘ ਨੇ ਦਿੜਬਾ 'ਚ ਸੰਗਤ ਨੂੰ ਕੀਤਾ ਸੰਬੋਧਨ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਦਿੜਬਾ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਬਾਣੀ ਰਾਹੀਂ ਮਨੁੱਖਤਾ ਨੂੰ ਸਹੀ ਮਾਰਗ ਦਿਖਾਉਣ ਵਾਲੇ ਗ੍ਰੰਥੀ ਸਿੰਘ ਗੁਰੂ ਘਰ ਦੇ ਅਸਲ ਵਜ਼ੀਰ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਇਨ੍ਹਾਂ ਸੇਵਾਦਾਰਾਂ ਦਾ ਮਾਣ-ਸਨਮਾਨ ਕਰਨਾ ਕੌਮ ਦੀ ਸਭ ਤੋਂ ਵੱਡੀ ਸਿਆਣਪ ਹੈ।
Publish Date: Sun, 26 Apr 2026 01:33 PM (IST)
Updated Date: Sun, 26 Apr 2026 01:35 PM (IST)

ਹਰਮੇਸ਼ ਸਿੰਘ, ਪੰਜਾਬੀ ਜਾਗਰਣ, ਦਿੜਬਾ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਦਿੜਬਾ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਬਾਣੀ ਰਾਹੀਂ ਮਨੁੱਖਤਾ ਨੂੰ ਸਹੀ ਮਾਰਗ ਦਿਖਾਉਣ ਵਾਲੇ ਗ੍ਰੰਥੀ ਸਿੰਘ ਗੁਰੂ ਘਰ ਦੇ ਅਸਲ ਵਜ਼ੀਰ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਇਨ੍ਹਾਂ ਸੇਵਾਦਾਰਾਂ ਦਾ ਮਾਣ-ਸਨਮਾਨ ਕਰਨਾ ਕੌਮ ਦੀ ਸਭ ਤੋਂ ਵੱਡੀ ਸਿਆਣਪ ਹੈ।
ਗ੍ਰੰਥੀ ਸਿੰਘਾਂ ਦੀ ਸੇਵਾ ਬੇਮਿਸਾਲ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਲੰਗਰ ਸੋਸ਼ਲ ਯੂਥ ਸਪੋਰਟਸ ਕਲੱਬ ਦਿੜਬਾ ਵੱਲੋਂ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੁਨੀਆ ਵਿੱਚ ਪੈਸੇ ਦੇ ਜ਼ੋਰ 'ਤੇ ਹੋਰ ਕੰਮ ਕਰਨ ਵਾਲੇ ਤਾਂ ਬਹੁਤ ਮਿਲ ਜਾਂਦੇ ਹਨ, ਪਰ ਜੋ ਸੇਵਾ ਗ੍ਰੰਥੀ ਸਿੰਘ ਨਿਭਾਉਂਦੇ ਹਨ, ਉਹ ਕੋਈ ਹੋਰ ਨਹੀਂ ਕਰ ਸਕਦਾ। ਉਨ੍ਹਾਂ ਕਲੱਬ ਦੇ ਨੌਜਵਾਨਾਂ ਵੱਲੋਂ ਗ੍ਰੰਥੀ ਸਿੰਘਾਂ ਨੂੰ ਦਿੱਤੇ ਗਏ ਸਨਮਾਨ ਦੀ ਭਰਪੂਰ ਸ਼ਲਾਘਾ ਕੀਤੀ।
ਨੌਜਵਾਨਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਉਪਰਾਲਾ
ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਯੂਥ ਸਪੋਰਟਸ ਕਲੱਬ ਦੇ ਨੌਜਵਾਨਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਜਿੱਥੇ ਇਹ ਕਲੱਬ ਖੇਡਾਂ ਨੂੰ ਪ੍ਰਫੁੱਲਿਤ ਕਰ ਰਿਹਾ ਹੈ, ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਸਿਧਾਂਤਾਂ ਅਤੇ ਗੁਰਬਾਣੀ ਨਾਲ ਜੋੜਨ ਲਈ ਵੀ ਵੱਡੇ ਯਤਨ ਕਰ ਰਿਹਾ ਹੈ।
ਪੰਥਕ ਸਖ਼ਸ਼ੀਅਤਾਂ ਦੀ ਹਾਜ਼ਰੀ
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਨੌਜਵਾਨਾਂ ਦੇ ਇਸ ਉਪਰਾਲੇ ਦੀ ਤਾਰੀਫ਼ ਕੀਤੀ। ਸਮਾਗਮ ਦੌਰਾਨ ਸੀਨੀਅਰ ਆਗੂ ਤੇਜਾ ਸਿੰਘ ਕਮਾਲਪੁਰ, ਐਸ.ਜੀ.ਪੀ.ਸੀ. ਮੈਂਬਰ ਹਰਦੇਵ ਸਿੰਘ ਰੋਗਲਾ, ਕਲੱਬ ਪ੍ਰਧਾਨ ਕਰਨ ਘੁਮਾਣ ਅਤੇ ਹੋਰ ਪ੍ਰਮੁੱਖ ਸ਼ਖ਼ਸ਼ੀਅਤਾਂ ਹਾਜ਼ਰ ਸਨ।