ਕੇਵਲ ਸਿੰਘ ਢਿੱਲੋਂ ਦਾ ਕਾਂਗਰਸ ਤੋਂ ਭਾਜਪਾ ਤੱਕ ਦਾ ਸਫ਼ਰ; ਕਿਵੇਂ ਬਣੇ ਪੰਜਾਬ ਭਾਜਪਾ ਪ੍ਰਧਾਨ ਦਾ ਨਵਾਂ ਚਿਹਰਾ ?

ਕਿਵੇਂ ਬਣੇ ਪੰਜਾਬ ਭਾਜਪਾ ਪ੍ਰਧਾਨ ਦਾ ਨਵਾਂ ਚਿਹਰਾ ?
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ’ਚ ਵੱਡਾ ਸਿਆਸੀ ਦਾਅ ਖੇਡਦਿਆਂ ਨਾਮਵਰ ਉਦਯੋਗਪਤੀ ਤੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ’ਚ ਸਰਗਰਮ ਤੇ ਸੂਬੇ ਦੇ ਸਭ ਤੋਂ ਅਮੀਰ ਸਿਆਸਤਦਾਨਾਂ ’ਚ ਸ਼ੁਮਾਰ ਢਿੱਲੋਂ ਨੂੰ ਭਾਜਪਾ ਨੇ ਮਾਲਵਾ ਖਿੱਤੇ ’ਚ ਇਕ ਮਜ਼ਬੂਤ 'ਜੱਟ ਸਿੱਖ' ਚਿਹਰੇ ਵਜੋਂ ਅੱਗੇ ਲਿਆਂਦਾ ਹੈ। ਬਰਨਾਲਾ ਦੇ ਪਿੰਡ ਟੱਲੇਵਾਲ ਦੇ ਇਕ ਕਿਸਾਨੀ ਪਰਿਵਾਰ ਤੋਂ ਉੱਠ ਕੇ ਪੈਪਸੀਕੋ ਵਰਗੀ ਵੱਡੀ ਕੰਪਨੀ ਰਾਹੀਂ ਸਫ਼ਲ ਵਪਾਰਕ ਸਫ਼ਰ ਤੈਅ ਕਰਨ ਵਾਲੇ ਕੇਵਲ ਢਿੱਲੋਂ ਦੀ ਇਹ ਨਿਯੁਕਤੀ ਪੰਜਾਬ ਭਾਜਪਾ ਦੇ ਭਵਿੱਖੀ ਸਮੀਕਰਨਾਂ ਲਈ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਸਾਲ 2022 ’ਚ ਕਾਂਗਰਸ ਵੱਲੋਂ ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਭਾਜਪਾ ’ਚ ਸ਼ਾਮਲ ਹੋਏ 76 ਸਾਲਾ ਕੇਵਲ ਢਿੱਲੋਂ ਨੇ ਆਪਣੀ ਸਿਆਸੀ ਲਿਆਕਤ ਸਦਕਾ ਅੱਜ ਸੂਬਾ ਪ੍ਰਧਾਨਗੀ ਦਾ ਸਿਖ਼ਰਲਾ ਅਹੁਦਾ ਹਾਸਲ ਕਰ ਲਿਆ ਹੈ। ਬਰਨਾਲਾ ਨੂੰ ਜ਼ਿਲ੍ਹਾ ਬਣਵਾਉਣ ’ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਤੇ ਵਿਕਾਸ ਦੀ ਰਾਜਨੀਤੀ ਦੇ ਮੁਦੱਈ ਮੰਨੇ ਜਾਂਦੇ ਢਿੱਲੋਂ ਦੀ ਨਿਯੁਕਤੀ ਨਾਲ ਭਾਜਪਾ ਨੇ ਕਿਸਾਨੀ ਅੰਦੋਲਨਾਂ ਦੇ ਗੜ੍ਹ ਮੰਨੇ ਜਾਂਦੇ ਮਾਲਵਾ ਖਿੱਤੇ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦਾ ਵੱਡਾ ਸੁਨੇਹਾ ਦਿੱਤਾ ਹੈ।
ਢਿੱਲੋਂ ਨੇ ਬਰਨਾਲਾ ’ਚ ਤੋੜਿਆ ਅਕਾਲੀ ਦਲ ਦਾ ਗੜ੍ਹ
ਕੇਵਲ ਸਿੰਘ ਢਿੱਲੋਂ ਨੇ 2006 ’ਚ ਆਪਣਾ ਸਿਆਸੀ ਕਰੀਅਰ ਕਾਂਗਰਸ ਪਾਰਟੀ ਤੋਂ ਸ਼ੁਰੂ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਨ੍ਹਾਂ 2006 ’ਚ ਬਰਨਾਲਾ ਨੂੰ ਜ਼ਿਲ੍ਹਾ ਬਣਵਾਇਆ ਤੇ ਬਾਅਦ ’ਚ ਬਰਨਾਲਾ ਦੀ ਰਾਜਨੀਤੀ ’ਚ ਸਰਗਰਮ ਹੋ ਗਏ। ਜਿਸ ਤੋਂ ਬਾਅਦ 2007 ’ਚ ਉਨ੍ਹਾਂ ਨੂੰ ਕਾਂਗਰਸ ਨੇ ਬਤੌਰ ਕਾਂਗਰਸੀ ਉਮੀਦਵਾਰ ਬਰਨਾਲਾ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਤੇ ਉਨ੍ਹਾਂ ਇੱਕੇ 33 ਸਾਲਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਤੋੜਿਆ।
ਇਸਤੋਂ ਪਹਿਲਾਂ ਸਿਰਫ਼ ਇਕ ਵਾਰ ਵਿਧਾਨ ਸਭਾ ਚੋਣਾਂ ਪੰਥਕ ਧਿਰਾਂ ਵਲੋਂ ਬਾਈਕਾਟ ਕੀਤੇ ਜਾਣ ਕਾਰਨ 1992 ’ਚ ਕਾਂਗਰਸ ਜਿੱਤੀ ਸੀ। ਜਦਕਿ ਇਸਤੋਂ ਪਹਿਲਾਂ ਇੱਥੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਉਨ੍ਹਾਂ ਦੀ ਪਤਨੀ ਤੇ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਜਿੱਤਦੇ ਰਹੇ ਹਨ। ਕੇਵਲ ਢਿੱਲੋਂ 2007 ਤੋਂ 2017 ਦੌਰਾਨ ਅਕਾਲੀ ਸਰਕਾਰ ਦੌਰਾਨ ਦੋ ਵਾਰ ਬਰਨਾਲਾ ਤੋਂ ਜਿੱਤੇ। ਉਨ੍ਹਾਂ 2017 ਦੀ ਵਿਧਾਨ ਸਭਾ ਤੇ 2019 ਦੀ ਸੰਗਰੂਰ ਲੋਕ ਸਭਾ ਤੋਂ ਕਾਂਗਰਸ ਵੱਲੋਂ ਚੋਣ ਲੜੀ ਪਰ ਉਹ ਹਾਰ ਗਏ।
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨਾਲ ਟਕਰਾਅ
2022 ਦੀ ਚੋਣ ਦੌਰਾਨ ਕਾਂਗਰਸ ਪਾਰਟੀ ਨੇ ਕੇਵਲ ਢਿੱਲੋਂ ਨੂੰ ਵਿਧਾਨ ਸਭਾ ਦੀ ਟਿਕਟ ਨਹੀਂ ਦਿੱਤੀ। ਉਨ੍ਹਾਂ ਦੀ ਥਾਂ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਕਾਂਗਰਸੀ ਉਮੀਦਵਾਰ ਬਣਾਇਆ ਗਿਆ। ਇਹ ਉਹ ਵੇਲਾ ਸੀ ਜਦੋਂ ਭਦੌੜ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਚੋਣ ਲੜਨ ਆਏ ਸਨ। ਢਿੱਲੋਂ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਚੰਨੀ ਤੇ ਪਵਨ ਬਾਂਸਲ ਉਨ੍ਹਾਂ ਨੂੰ ਮਨਾੳਣ ਘਰ ਵੀ ਗਏ ਪਰ ਢਿੱਲੋਂ ਟਿਕਟ ਕੱਟੇ ਜਾਣ ਕਾਰਨ ਆਪਣੇ ਘਰ ਬੈਠ ਗਏ। ਜਿਸਤੋਂ ਬਾਅਦ ਕਾਂਗਰਸ ਪਾਰਟੀ ਨੇ ਉਨ੍ਹਾਂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਗਾ ਕੇ ਕਾਂਗਰਸ ਵਿੱਚੋਂ ਕੱਢ ਦਿੱਤਾ। 71 ਸਾਲ ਦੀ ਉਮਰ ਦੇ ਬਾਵਜੂਦ ਕੇਵਲ ਢਿੱਲੋਂ ਨੇ ਕਾਂਗਰਸ ਪਾਰਟੀ ਵਿੱਚੋਂ ਕੱਢੇ ਜਾਣ ’ਤੇ ਹਾਰ ਨਹੀਂ ਮੰਨੀ ਤੇ ਉਨ੍ਹਾਂ 2022 ’ਚ ਭਾਜਪਾ ਵੱਲੋਂ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ। 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਕਰਕੇ ਉਨ੍ਹਾਂ ਨੂੰ ਸੰਗਰੂਰ ਲੋਕ ਸਭਾ ਤੋਂ ਅਸਤੀਫ਼ਾ ਦੇਣਾ ਪਿਆ ਤੇ ਇਸ ਸੀਟ ’ਤੇ ਜ਼ਿਮਨੀ ਚੋਣ ਹੋਈ। ਇਸ ਦੌਰਾਨ ਕੇਵਲ ਢਿੱਲੋਂ ਭਾਜਪਾ ਦੇ ਉਮੀਦਵਾਰ ਬਣੇ ਤੇ ਚੋਣ ਲੜੀ ਪਰ ਅਸਫ਼ਲ ਰਹੇ। ਇਸ ਉਪਰੰਤ 2024 ’ਚ ਬਰਨਾਲਾ ਤੋਂ ਵਿਧਾਇਕ ਤੇ ਮੰਤਰੀ ਮੀਤ ਹੇਅਰ ਦੇ ਲੋਕ ਸਭਾ ਮੈਂਬਰ ਬਣਨ ਉਪਰੰਤ ਬਰਨਾਲਾ ਸੀਟ ’ਤੇ ਜ਼ਿਮਨੀ ਚੋਣ ਹੋਈ। 2024 ਵਿਚ ਸੂਬੇ ਦੀਆਂ ਚਾਰ ਜ਼ਿਮਨੀ ਚੋਣਾਂ ਵਿੱਚੋਂ ਬਰਨਾਲਾ ਸੀਟ ’ਤੇ ਭਾਜਪਾ ਨੂੰ ਸਭ ਤੋਂ ਵਧੇਰੇ ਵੋਟ ਤੇ 17 ਫ਼ੀਸਦੀ ਵੋਟ ਨਾਲ ਉਹ ਤੀਜੇ ਨੰਬਰ ’ਤੇ ਰਹੇ। ਜਦਕਿ ਸ਼੍ਰੋਮਣੀ ਅਕਾਲੀ ਦਲ ਇਸ ਚੋਣ ’ਚ ਪੰਜਵੇਂ ਨੰਬਰ ’ਤੇ ਰਿਹਾ। ਇੱਥੋਂ ਤੱਕ ਕਿ ਭਾਜਪਾ ਹਲਕੇ ਦੇ ਦੋ ਪਿੰਡਾਂ ਵਿੱਚ ਲੀਡ ਕਰਨ ਵਿੱਚ ਵੀ ਕਾਮਯਾਬ ਰਹੀ।