ਬਰਨਾਲਾ ਨਗਰ ਨਿਗਮ ’ਚ ਆਪ ਦਾ ਬਣੇਗਾ ਪਹਿਲਾ ਮੇਅਰ
ਬਰਨਾਲਾ ਨਗਰ ਨਿਗਮ 'ਚ 'ਆਪ' ਦੀ ਇਤਿਹਾਸਕ ਜਿੱਤ; ਬਣੇਗਾ ਪਹਿਲਾ ਮੇਅਰ
Publish Date: Fri, 29 May 2026 06:12 PM (IST)
Updated Date: Sat, 30 May 2026 04:03 AM (IST)

ਵਾਰਡ-44 ਤੋਂ ਮੀਤ ਹੇਅਰ ਦੇ ਓਐੱਸਡੀ ਹਸਨਪ੍ਰੀਤ ਦੀ ਇਤਿਹਾਸਿਕ ਜਿੱਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਨਗਰ ਨਿਗਮ ਚੋਣਾਂ ਚ ਆਪ ਨੇ ਵਿਰੋਧੀਆਂ ਦਾ ਸੂਪੜਾ ਸਾਫ਼ ਕਰਦਿਆਂ ਦੋ-ਤਿਹਾਈ ਬਹੁਮਤ ਨਾਲ ਇਤਿਹਾਸਕ ਜਿੱਤ ਦਰਜ ਕੀਤੀ ਹੈ। ਆਪ ਨੇ ਬਰਨਾਲਾ ਸ਼ਹਿਰ ਦੇ ਕੁੱਲ 50 ਵਾਰਡਾਂ ਵਿੱਚੋਂ 36 ਵਾਰਡਾਂ ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਵੱਡੀ ਜਿੱਤ ਦਾ ਸਿਹਰਾ ਹਲਕਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਸਿਰ ਬੰਨ੍ਹਿਆ ਜਾ ਰਿਹਾ ਹੈ, ਜਿਨ੍ਹਾਂ ਦੀ ਅਗਵਾਈ ਹੇਠ ਬਰਨਾਲਾ ਚ ਆਪ ਦਾ ਪਹਿਲਾ ਮੇਅਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਮੀਤ ਹੇਅਰ ਦੀ ਚੋਣ ਰਣਨੀਤੀ ਅੱਗੇ ਵਿਰੋਧੀ ਧਿਰਾਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ। ਇਨ੍ਹਾਂ ਚੋਣਾਂ ਚ ਭਾਰਤੀ ਜਨਤਾ ਪਾਰਟੀ 7 ਸੀਟਾਂ ਜਿੱਤ ਕੇ ਦੂਜੇ ਨੰਬਰ ਤੇ ਰਹੀ ਹੈ। ਦੂਜੇ ਪਾਸੇ, ਸੂਬੇ ਦੀਆਂ ਰਵਾਇਤੀ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਨੂੰ ਸਿਰਫ ਦੋ ਵਾਰਡਾਂ ਚੋਂ ਜਿੱਤ ਮਿਲੀ ਜਦ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਚੋਣਾਂ ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਕਾਲੀ ਦਲ ਆਪਣਾ ਖਾਤਾ ਖੋਲ੍ਹਣ ਚ ਵੀ ਨਾਕਾਮ ਰਿਹਾ ਤੇ ਉਸ ਨੂੰ ਇੱਕ ਵੀ ਸੀਟ ਨਸੀਬ ਨਹੀਂ ਹੋਈ। ਇਸ ਤੋਂ ਇਲਾਵਾ, ਚੋਣ ਮੈਦਾਨ ਚ ਉਤਰੇ ਆਜ਼ਾਦ ਉਮੀਦਵਾਰਾਂ ਨੇ 5 ਵਾਰਡਾਂ ਚ ਜਿੱਤ ਹਾਸਲ ਕੀਤੀ ਹੈ। ਸਿਆਸੀ ਮਾਹਰਾਂ ਮੁਤਾਬਕ, ਐੱਮ ਪੀ ਮੀਤ ਹੇਅਰ ਦੀ ਸਥਾਨਕ ਲੋਕਾਂ ਚ ਮਜ਼ਬੂਤ ਪਕੜ ਤੇ ਚੋਣਾਂ ਦੌਰਾਨ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਨੇ ਵਿਰੋਧੀਆਂ ਦੇ ਸਾਰੇ ਸਮੀਕਰਨ ਵਿਗਾੜ ਦਿੱਤੇ। ਇਸ ਹੂੰਝਾ ਫੇਰ ਜਿੱਤ ਤੋਂ ਬਾਅਦ ਆਪ ਵਰਕਰਾਂ ਤੇ ਸਮਰਥਕਾਂ ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਤੇ ਪੂਰੇ ਸ਼ਹਿਰ ਚ ਜਸ਼ਨ ਦਾ ਮਾਹੌਲ ਹੈ। ਪਾਰਟੀ ਵਰਕਰ ਇਸ ਜਿੱਤ ਦਾ ਸਿਹਰਾ ਆਪਣੇ ਆਗੂ ਮੀਤ ਹੇਅਰ ਦੀ ਦਿਨ-ਰਾਤ ਦੀ ਮਿਹਨਤ ਸਿਰ ਬੰਨ੍ਹ ਰਹੇ ਹਨ। -- ਵਾਰਡ ਨੰਬਰ 44 ਤੋਂ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ ਚੋਣ ਜਿੱਤੇ ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 44 ਕਾਫੀ ਚਰਚਾ ਦਾ ਵਿਸ਼ਾ ਰਿਹਾ ਇਸ ਵਿੱਚ ਜਿੱਥੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਉੱਥੇ ਹੀ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਓਐਸਡੀ ਬਿੱਟੂ ਢਿੱਲੋ ਇਸ ਚੋਣ ਮੈਦਾਨ ਵਿੱਚ ਕਾਂਗਰਸ ਤੋਂ ਚੋਣ ਲੜ ਰਹੇ ਸਨ, ਪਰ ਹਸਨਪ੍ਰੀਤ ਭਾਰਤਵਾਜ਼ ਨੇ ਵਾੜ ਦੇ ਵਾਸੀਆਂ ਨਾਲ ਕੀਤੇ ਹੋਏ ਵਾਅਦੇ ਕੰਮ ਨੂੰ ਪਹਿਲ ਦੇ ਅਧਾਰ ਤੇ 90 ਫੀਸਦੀ ਪੂਰਾ ਹੋਣ ਤੇ ਹੀ ਆਪਣੇ ਦਫਤਰ ਤੇ ਪੋਸਟਰ ਲਾਉਣ ਦਾ ਜਦ ਉਦਘਾਟਨ ਕੀਤਾ ਤਦ ਤੋਂ ਲੈ ਕੇ ਹੀ ਲੋਕਾਂ ਨੇ ਉਸ ਨੂੰ ਭਰਮਾ ਹੁੰਗਾਰਾ ਦਿੱਤਾ ਚੋਣ ਨਤੀਜਿਆਂ ਵਿੱਚ ਵੀ ਉਸ ਦੀ ਵੱਡੀ ਲੀਡ ਨੇ ਉਸਦੀ ਜਿੱਤ ਦਰਜ ਕਰਾਈ ਹੈ। ਚੋਣ ਜਿੱਤਣ ਉਪਰੰਤ ਹਸਨ ਭਾਰਤਵਾਜ਼ ਨੇ ਪੰਜਾਬੀ ਜਾਗਰ ਨਾਲ ਗੱਲਬਾਤ ਕਰਦਿਆਂ ਇਸ ਜਿੱਤ ਦਾ ਸਿਹਰਾ ਵੀ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਰ ਦੇ ਸਿਰ ਬੰਨਿਆ ਹੈ। ਇਸ ਮੌਕੇ ਉਹਨਾਂ ਨਾਲ ਕੌਂਸਲਰ ਲਵਪ੍ਰੀਤ ਦੀਵਾਨਾ ਪਰਮਜੀਤ ਜੰਟੀ ਮਾਨ, ਠੇਕੇਦਾਰ ਗੁਰਨੈਬ ਸੰਧੂ ਠੇਕੇਦਾਰ ਬਿੰਦਰ ਸੰਧੂ ਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।