ਬਰਨਾਲਾ ਦੇ 50 ਵਾਰਡਾਂ ’ਚੋਂ ਆਪ ਉਮੀਦਵਾਰਾਂ ਨੇ ਮਾਰੀ ਫ਼ਿਫਟੀ
ਬਰਨਾਲਾ ਦੇ 50 ਵਾਰਡਾਂ ’ਚੋਂ ਆਪ ਉਮੀਦਵਾਰਾਂ ਨੇ ਮਾਰੀ ਫ਼ਿਫਟੀ
Publish Date: Mon, 18 May 2026 04:03 PM (IST)
Updated Date: Tue, 19 May 2026 04:01 AM (IST)

: ਕਾਂਗਰਸ 39, ਭਾਜਪਾ 28, ਸ਼੍ਰੋਮਣੀ ਅਕਲੀ ਦਲ 28, ਬਸਪਾ 2 ਤੇ 49 ਆਜ਼ਾਦ ਲੜ ਰਹੇ ਨੇ ਚੋਣ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ’ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ, ਉੱਥੇ ਹੀ ਸੱਤਾਧਿਰ ਆਮ ਆਦਮੀ ਪਾਰਟੀ ਨੇ ਬਰਨਾਲਾ ਦੇ 50 ਦੇ 50 ਵਾਰਡਾਂ ’ਚ ਆਪਣੇ ਉਮੀਦਵਾਰਾਂ ਨੂੰ ਖੜ੍ਹੇ ਚੋਣਾਂ ’ਚ ਨਵਾਂ ਉਥਾਲ ਪੈਦਾ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਨੇ 39, ਭਾਜਪਾ ਨੇ 28, ਸ਼੍ਰੋਮਣੀ ਅਕਾਲੀ ਦਲ ਨੇ 28 ਤੇ ਬਹੁਜਨ ਸਮਾਜ ਪਾਰਟੀ ਨੇ ਆਪਣੇ 2 ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਉੱਥੇ ਹੀ 49 ਉਮੀਦਵਾਰ ਵੱਖ-ਵੱਖ ਵਾਰਡਾਂ ਤੋਂ ਆਜ਼ਾਦ ਚੋਣ ਲੜ ਕੇ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਹੋਰਨਾਂ ਦੀ ਬਜਾਇ ਆਪਣੇ ਉਮੀਦਵਾਰ ਖੜ੍ਹਾਉਣ ’ਚ ਵੱਡੀ ਸਿਆਸਤ ਬੜਤ ਕਾਇਮ ਕਰ ਲਈ ਹੈ। ਭਾਵੇਂ ਇਨ੍ਹਾਂ ਸਥਾਨਕ ਚੋਣਾਂ ’ਚ ਸ਼ਹਿਰ ਅੰਦਰ ਵਿਕਾਸ ਤੇ ਸਫ਼ਾਈ ਦੇ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਵੱਲੋਂ ਸੱਤਾਧਿਰ ਆਮ ਆਦਮੀ ਪਾਰੀ ਦੀ ਸਰਕਾਰ ’ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਸਾਰੇ ਦੇ ਸਾਰ 50 ਵਾਰਡਾਂ ’ਚ ਉਮੀਦਵਾਰ ਖੜ੍ਹੇ ਕਰਨ ’ਚ ਹੀ ਸਫ਼ਲ ਹੋ ਗਈ ਹੈ। ਜਦਕਿ ਇਸ ਮਾਮਲੇ ’ਚ ਪੰਜਾਬ ਵਿਧਾਨ ਸਭਾ ’ਚ ਮੁੱਖ ਵਿਰੋਧੀ ਵਜੋਂ ਭੂਮਿਕਾ ਨਿਭਾ ਰਹੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ-ਨਾਲ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੱਛੜ ਗਈਆਂ ਹਨ ਪਰ ਆਜ਼ਾਦ ਉਮੀਦਵਾਰ ‘ਆਪ’ ਨੂੰ ਛੱਡ ਕੇ ਵੱਖ-ਵੱਖ ਸਿਆਸੀ ਧਿਰਾਂ ਨੂੰ ਵੀ ਪਿੱਛੇ ਛੱਡ ਗਏ ਹਨ, ਜਿਨ੍ਹਾਂ ਦੀ ਬਦੌਲਤ ਵਾਰਡਾਂ ’ਚ ਵੱਖ-ਵੱਖ ਸਿਆਸੀ ਧਿਰਾਂ ਦੇ ਸਮੀਕਰਣ ਬਦਲ ਸਕਦੇ ਹਨ। ਜ਼ਿਕਰਯੋਗ ਹੈ ਕਿ ਨਗਰ ਨਿਗਮ ਬਰਨਾਲਾ ’ਚ ਕੁੱਲ 50 ਵਾਰਡ ਤੇ 98 ਪੋਲਿੰਗ ਬੂਥ ਹਨ। ਨਗਰ ਨਿਗਮ ਬਰਨਾਲਾ ਅਧੀਨ ਕੁੱਲ 88,304 ਵੋਟਰ ਰਜਿਸਟਰ ਹਨ ਜਿਸ ’ਚ 46,087 ਮਰਦ ਤੇ 42,217 ਔਰਤਾਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ’ਚੋਂ ਵਾਰਡ ਨੰਬਰ 44 ’ਚ ਆਪ ਉਮੀਦਵਾਰ ਹਸਨਪ੍ਰੀਤ ਭਾਦਵਾਜ ਤੇ ਕਾਂਗਰਸੀ ਉਮੀਦਵਾਰ ਬਿੱਟੂ ਢਿੱਲੋਂ ਦੀ ਫਸਵੀਂ ਟੱਕਰ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ।