ਮੈਨੇਜਰ ਸੁਰਜੀਤ ਸਿੰਘ ਬਣਨਗੇ ਅਕਾਲੀ ਉਮੀਦਵਾਰਾਂ ਦੇ ਮਲਾਹ
ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਬਣਨਗੇ ਅਕਾਲੀ ਉਮੀਦਵਾਰਾਂ ਦੇ ਮਲਾਹ
Publish Date: Thu, 14 May 2026 04:01 PM (IST)
Updated Date: Fri, 15 May 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਕੌਂਸਲ ਤੋਂ ਨਗਰ ਨਿਗਮ ਬਣੇ ਬਰਨਾਲਾ ’ਚ ਹੋ ਰਹੀਆਂ ਪਹਿਲੀ ਵਾਰ ਦੀਆਂ ਚੋਣਾਂ ’ਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਮਲਾਹ ਬਣੇ ਹਨ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਜਿੱਥੇ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵਾਰਡ ਨੰਬਰ 36 ਤੋਂ ਸੁਖਪਾਲ ਸਿੰਘ ਰੁਪਾਣਾ ਖੁਦ ਚੋਣ ਲੜ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਧਰਮਪਤਨੀ ਤੇ ਸਾਬਕਾ ਕੌਂਸਲਰ ਕਰਮਜੀਤ ਕੌਰ ਰੁਪਾਣਾ ਚੋਣ ਮੈਦਾਨ ’ਚ ਹਨ। ਇਸੇ ਤਰ੍ਹਾਂ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਗੁਰਜੰਟ ਸਿੰਘ ਸੋਨਾ ਵੀ ਵਾਰਡ ਨੰਬਰ 22 ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ। ਬੇਅੰਤ ਸਿੰਘ ਧਾਲੀਵਾਲ ਦੀ ਧਰਮਪਤਨੀ ਬੇਅੰਤ ਕੌਰ ਧਾਲੀਵਾਲ ਵੀ ਵਾਰਡ ਨੰਬਰ 23 ਤੋਂ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਹਨ। ਮੈਨੇਜਰ ਨੇ ਦੱਸਿਆ ਕਿ ਵਾਰਡ ਨੰਬਰ 28 ਤੋਂ ਵੀ ਸੁੱਖਪ੍ਰੀਤ ਸਿੰਘ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਚੋਣ ਲੜਨਗੇ। ਇਨ੍ਹਾਂ ਵਾਰਡਾਂ ’ਚ ਮੈਨੇਜਰ ਸੁਰਜੀਤ ਸਿੰਘ ਦਾ ਜਿੱਥੇ ਚੰਗਾ ਅਸਲ ਰਸੂਖ਼ ਹੈ, ਉੱਥੇ ਹੀ ਸ਼੍ਰੋਣੀ ਅਕਾਲੀ ਦਲ ਚੰਗਾ ਪ੍ਰਦਰਸ਼ਨ ਵੀ ਕਰ ਸਕਦਾ ਹੈ। ਇਨ੍ਹਾਂ ਵਾਰਡਾਂ ਤੋਂ ਇਲਾਵਾ ਹੋਰ ਨਾਲ ਲੱਗਦੇ ਵਾਰਡਾਂ ’ਚ ਵੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਜਿੱਥੇ ਅੱਡੀ ਚੋਟੀ ਦਾ ਜ਼ੋਰ ਲਗਾਉਣਗੇ, ਉੱਥੇ ਹੀ ਉਨ੍ਹਾਂ ਵਲੋਂ ਵੱਖ ਵੱਖ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਲਈ ਵੀ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਮੈਨੇਜਰ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਦੇ ਨਾਲ ਉਹ ਪਾਰਟੀ ਦੇ ਪ੍ਰਚਾਰ, ਪ੍ਰਸਾਰ ਤੇ ਨਗਰ ਨਿਗਮ ਦੀਆਂ ਚੋਣਾਂ ’ਚ ਅਕਾਲੀ ਦਲ ਲਈ ਯਤਨਸੀਲ ਹਨ।