85 ਸਾਲਾ ਬਜ਼ੁਰਗ ਔਰਤ ਦੀ ਛੱਪੜ ’ਚ ਡੁੱਬਣ ਕਾਰਨ ਮੌਤ
85 ਸਾਲਾ ਬਜ਼ੁਰਗ ਔਰਤ ਦੀ ਛੱਪੜ ’ਚ ਡੁੱਬਣ ਕਾਰਨ ਮੌਤ
Publish Date: Thu, 07 May 2026 04:19 PM (IST)
Updated Date: Fri, 08 May 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਉਗੋਕੇ ਵਿਖੇ ਬੀਤੀ ਦੇਰ ਰਾਤ ਇਕ ਬਜ਼ੁਰਗ ਔਰਤ ਦੀ ਛੱਪੜ ’ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਜਸਵੀਰ ਕੌਰ ਪਤਨੀ ਸਵ: ਸੁਖਦੇਵ ਸਿੰਘ ਦੀ ਲੜਕੀ ਰਾਣੀ ਕੌਰ ਨੇ ਦੱਸਿਆ ਕਿ ਰਾਤ ਸਮੇਂ ਅਚਾਨਕ ਹਨ੍ਹੇਰੀ ਆਉਣ ਕਾਰਨ ਉਹ ਵਿਹੜੇ ’ਚੋਂ ਉਠਕੇ ਬੱਚਿਆਂ ਸਮੇਤ ਘਰ ਦੇ ਅੰਦਰ ਚਲੇ ਗਏ ਤੇ ਉਨ੍ਹਾਂ ਦੀ ਮਾਤਾ ਜਸਵੀਰ ਕੌਰ ਵੀ ਨਾਲ ਹੀ ਕਮਰੇ ਅੰਦਰ ਸੌਂ ਗਈ। ਅਚਾਨਕ ਰਾਤ ਸਮੇਂ ਬਾਥਰੂਮ ਕਰਨ ਆਈ ਉਸ ਦੀ ਮਾਤਾ ਸੜਕ ਪਾਰ ਸਾਹਮਣੇ ਬਣੇ ਡੂੰਘੇ ਛੱਪੜ ’ਚ ਡਿੱਗ ਗਈ। ਜਿਸ ਦਾ ਉਨ੍ਹਾਂ ਨੂੰ ਸਵੇਰੇ ਪਤਾ ਗਿਆ। ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋਣ ਉਪਰੰਤ ਛੱਪੜ ’ਚੋਂ ਲਾਸ਼ ਕੱਢਣ ਲਈ ਬੰਟੀ ਡੱਲਾ ਗੋਤਾਖੋਰ ਨੂੰ ਬੁਲਾਇਆ ਗਿਆ ਤੇ ਕਾਫ਼ੀ ਡੂੰਘੇ ਛੱਪੜ ’ਚੋਂ ਜੱਦੋ ਜਹਿਦ ਉਪਰੰਤ ਮਾਤਾ ਜਸਵੀਰ ਕੌਰ ਦੀ ਮ੍ਰਿਤਕ ਦੇਹ ਬਾਹਰ ਕੱਢੀ ਗਈ। ਮ੍ਰਿਤਕਾ ਜਸਵੀਰ ਕੌਰ ਦੀ ਬੇਟੀ ਰਾਣੀ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਵਿਆਹ ਤੋਂ ਕੁੱਝ ਸਮੇਂ ਬਾਅਦ ਅਚਾਨਕ ਲਾਪਤਾ ਹੋ ਗਿਆ ਤੇ ਕਈ ਸਾਲ ਵਾਪਸ ਪਰਤਣ ਨਾ ਕਾਰਨ ਉਹ ਆਪਣੀ ਮਾਤਾ ਕੋਲ ਰਹਿ ਕੇ ਪੇਕੇ ਘਰ ਦਿਨ ਕਟੀ ਕਰ ਰਹੀ ਸੀ। ਪਿੰਡ ਵਾਸੀਆਂ ਨੇ ਉਕਤ ਪਰਿਵਾਰ ਦੀ ਸਰਕਾਰ ਪਾਸੋਂ ਮਦਦ ਦੀ ਮੰਗ ਕੀਤੀ ਹੈ।