ਰਾਜਿੰਦਰ ਗੁਪਤਾ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੀ ਕੀਤੀ ਨਿੰਦਾ
ਸਮਾਜ ਸੇਵੀ ਜਥੇਬੰਦੀਆਂ ਵੱਲੋਂ ਰਾਜਿੰਦਰ ਗੁਪਤਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੀ ਕੀਤੀ ਨਿੰਦਾ
Publish Date: Tue, 28 Apr 2026 06:06 PM (IST)
Updated Date: Wed, 29 Apr 2026 04:11 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਰਾਜਸਭਾ ਮੈਂਬਰ ਪਦਮਸ੍ਰੀ ਰਜਿੰਦਰ ਗੁਪਤਾ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਅਤੇ ਪੁਤਲਾ ਫੂਕਣ ਤੋਂ ਬਾਅਦ ਬਰਨਾਲਾ ਚ ਆਮ ਆਦਮੀ ਪਾਰਟੀ ਦੇ ਕੁਝ ਆਗੂ ਕਸੂਤੀ ਸਥਿਤੀ ’ਚ ਫਸਦੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਰਨਾਲਾ ਵਿਖੇ ਆਪ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕੁਝ ਗਿਣਤੀ ਦੇ ਵਲੰਟੀਅਰਾਂ ਨੇ ਰਾਜਿੰਦਰ ਗੁਪਤਾ ਵੱਲੋਂ ਆਪ ਛੱਡਕੇ ਭਾਜਪਾ ਚ ਸ਼ਾਮਿਲ ਹੋਣ ਦੇ ਰੋਸ ਵਜੋਂ ਉਹਨਾਂ ਨੂੰ ਗਦਾਰ ਦੀ ਪਦਵੀ ਦਿੰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਸੀ। ਦੂਜੇ ਪਾਸੇ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਸ਼ਹਿਰ ’ਚ ਰਾਜਿੰਦਰ ਗੁਪਤਾ ਦੇ ਹੱਕ ’ਚ ਇੱਕ ਲਹਿਰ ਚੱਲ ਪਈ ਹੈ ਜਿਸ ’ਚ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਆਪ ਆਗੂਆਂ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਬਰਨਾਲਾ ਨਾਲ ਸੰਬੰਧਿਤ ਕੁਝ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਵੱਖ ਵੱਖ ਆਗੂਆਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਰਾਜਿੰਦਰ ਗੁਪਤਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਅਤੇ ਉਹਨਾਂ ਨੂੰ ਗਦਾਰ ਕਹਿਣ ਸਬੰਧੀ ਆਪ ਆਗੂਆਂ ਦੀ ਨਿੰਦਾ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਵੀ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਆਗੂ ਸਵਾਲਾਂ ਦੇ ਘੇਰੇ ਹਨ ਕਿ ਅਕਸਰ ਵਿਰੋਧ ਪ੍ਰਦਰਸ਼ਨ ਦਾ ਇਹ ਪ੍ਰੋਗਰਾਮ ਕਿਸ ਨੇ ਉਲੀਕਿਆ ਸੀ। ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਨੂੰ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਆਪਣੇ ਸਮਾਗਮਾਂ ’ਚ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ ਪ੍ਰੰਤੂ ਹੁਣ ਜਦੋਂ ਇਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੀ ਇਹੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਨਿੰਦਾ ਕਰ ਰਹੇ ਹਨ ਤਾਂ ਅਜਿਹੇ ਹਾਲਾਤਾਂ ਚ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਆਗੂ ਸ਼ਹਿਰ ਚ ਕਿਸ ਹੈਸੀਅਤ ’ਚ ਵਿਚਰਨਗੇ। ਸੋਸ਼ਲ ਮੀਡੀਆ ਤੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਤੇ ਇਹ ਸਵਾਲ ਵੀ ਉੱਠ ਰਹੇ ਹਨ ਕਿ ਜੇਕਰ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਛੱਡਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲੇ ਆਗੂ ਦੁੱਧ ਧੋਤੇ ਬਣ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਣ ਵਾਲੇ ਗਦਾਰ ਕਿਵੇਂ ਹੋਏ? ਧਿਆਨ ਰਹੇ ਕਿ ਰਾਜਿੰਦਰ ਗੁਪਤਾ ਦਾ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਹੀ ਆਗੂ ਹਨ ਜਿਨਾਂ ਨੇ ਰਾਜਿੰਦਰ ਗੁਪਤਾ ਨੂੰ ਰਾਜ ਸਭਾ ਦਾ ਮੈਂਬਰ ਬਣਾਏ ਜਾਣ ਤੋਂ ਬਾਅਦ ਤਾਜ਼ੇ ਗੁਲਾਬ ਦੇ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਸੀ ਅਤੇ ਉਨਾਂ ਦੀ ਤਾਰੀਫ਼ ’ਚ ਕਸੀਦੇ ਵੀ ਪੜੇ ਸਨ ਪ੍ਰੰਤੂ ਹੁਣ ਜਦੋਂ ਰਾਜਿੰਦਰ ਗੁਪਤਾ ਭਾਜਪਾ ’ਚ ਜੁਆਇਨ ਕਰ ਗਏ ਤਾਂ ਇਹਨਾਂ ਆਗੂਆਂ ਨੇ ਗੁਪਤਾ ਦੇ ਖਿਲਾਫ ਸ਼ਬਦਾਂ ਦੇ ਪੱਥਰ ਚੁੱਕ ਲਏ, ਜਿਸ ਤੋਂ ਬਾਅਦ ਰਾਜਿੰਦਰ ਗੁਪਤਾ ਦਾ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਇਹਨਾਂ ਆਗੂਆਂ ਨੂੰ ਸ਼ਹਿਰ ਦੀਆਂ ਕੁਝ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ’ਚ ਇਹ ਵੀ ਚਰਚਾ ਹੈ ਕਿ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਅਤੇ ਉਹ ਗਦਾਰ ਕਹਿਣ ਦੀ ਮੁਹਿੰਮ ਤੋਂ ਪਾਸੇ ਰਹਿ ਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਕ ਕੂਟਨੀਤਕ ਸਿਆਸਤਦਾਨ ਦਾ ਸਬੂਤ ਦਿੱਤਾ ਹੈ।