ਬਿਜਲੀ ਕੱਟਾ ਤੋਂ ਦੁਖੀ ਭਰਾਤਰੀ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਬਿਜਲੀ ਕੱਟਾ ਤੋਂ ਦੁਖੀ ਭਰਾਤਰੀ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Sat, 25 Apr 2026 05:32 PM (IST)
Updated Date: Sun, 26 Apr 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : 66 ਕੇਵੀ ਗਰਿੱਡ ਸ਼ਹਿਣਾ ਤੋਂ ਹਰ ਰੋਜ਼ ਹੀ ਰਾਤ 9 ਵਜੇ ਤੋਂ ਗਿਆਰਾਂ ਵਜੇ ਤੱਕ ਤੇ ਰਾਤ ਦੋ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਬਿਜਲੀ ਦੇ ਲੱਗਣ ਵਾਲੇ ਲੰਮੇ ਲੰਮੇ ਕੱਟਾਂ ਤੋਂ ਦੁਖੀ ਪਿੰਡ ਵਾਸੀ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਗਰਿੱਡ ਅੱਗੇ ਨਾਅਰੇਬਾਜ਼ੀ ਕਰਕੇ ਰੋਸ਼ ਪ੍ਰਗਟ ਕੀਤਾ ਗਿਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਗੁਰਜੰਟ ਸਿੰਘ ਜੰਟਾ ਬਦਰੇ ਵਾਲਾਂ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਗੁਰਵਿੰਦਰ ਸਿੰਘ ਨਾਮਧਾਰੀ ਜ਼ਿਲ੍ਹਾ ਜਥੇਬੰਦਕ ਸਕੱਤਰ, ਬੇਅੰਤ ਸਿੰਘ ਸਰਾਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਕਿਸਾਨ ਮਜ਼ਦੂਰ, ਬੇਅੰਤ ਸਿੰਘ ਗਿੱਲ ਆਦਿ ਨੇ ਕਿਹਾ ਕਿ ਹਰ ਰੋਜ਼ ਬਿਜਲੀ ਦੇ ਕੱਟਾ ਕਾਰਨ ਪਿੰਡ ਵਾਸੀਆਂ ਦਾ ਜਿਊਣਾ ਮੁਸ਼ਕਲ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਗਰਿੱਡ ’ਤੇ ਤੈਨਾਤ ਮੁਲਾਜ਼ਮ ਨਾਲ ਵੀ ਕੱਟਾਂ ਸਬੰਧੀ ਗੱਲ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਲਿਖਤੀ ਹੁਕਮਾਂ ਅਨੁਸਾਰ ਹੀ ਕੱਟ ਲਗਾਉਂਦੇ ਹਾਂ। ਆਗੂਆਂ ਨੇ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ 24 ਘੰਟੇ ਬਿਜਲੀ ਸਪਲਾਈ ਦੇਣ ਵਾਲਿਆਂ ਦੇ ਬਿਆਨ ਦੀ ਬਿਲਕੁਲ ਹੀ ਫੂਕ ਨਿਕਲ ਚੁੱਕੀ ਹੈ, ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਆਖਰ ’ਚ ਕਿਹਾ ਕਿ ਜੇਕਰ ਕੱਟ ਲਗਾਉਣੇ ਬੰਦ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਤੇਜ਼ ਕਰਾਂਗੇ।