ਅਨਾਜ ਮੰਡੀ ’ਚ ਠੇਕੇਦਾਰ ਵੱਲੋਂ ਸ਼ਰੇਆਮ ਕੁੰਡੀ ਲਾ ਕੇ ਬਿਜਲੀ ਵਿਭਾਗ ਨੂੰ ਲਾਇਆ ਜਾ ਰਿਹੈ ਚੂਨਾ
ਅਨਾਜ ਮੰਡੀ 'ਚ ਠੇਕੇਦਾਰ ਵੱਲੋਂ ਸ਼ਰੇਆਮ ਕੁੰਡੀ ਲਗਾ ਕੇ ਬਿਜਲੀ ਵਿਭਾਗ ਨੂੰ ਲਗਾਇਆ ਜਾ ਰਿਹਾ ਹੈ ਚੂਨਾ
Publish Date: Wed, 08 Apr 2026 05:50 PM (IST)
Updated Date: Wed, 08 Apr 2026 05:53 PM (IST)

- ਸ਼ੈੱਡ ਦੇ ਨਿਰਮਾਣ ਲਈ ਕੁੰਡੀ ਲਾ ਕੇ ਬਿਜਲੀ ਦੇ ਯੰਤਰ ਚਲਾਉਣ ਦਾ ਮਾਮਲਾ - ਦੂਜੀ ਵਾਰ ਵਿਭਾਗੀ ਨੋਟਿਸ ਕੱਢ ਰਹੇ ਹਾਂ : ਸਕੱਤਰ ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਤਪਾ ਮੰਡੀ ਦੀ ਮੁੱਖ ਅਨਾਜ ਮੰਡੀ ਜਿੱਥੇ ਮਾਰਕੀਟ ਕਮੇਟੀ ਤਪਾ ਦਾ ਦਫ਼ਤਰ ਵੀ ਹੈ ਦੇ ਫੜ ’ਚ ਜਿੱਥੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਠੇਕੇਦਾਰ ਵੱਲੋਂ ਸ਼ੈੱਡ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਮਿਆਦ ਪੂਰੀ ਹੋਣ ਉੱਪਰ ਵੀ ਸ਼ੈੱਡ ਨੂੰ ਪੂਰਾ ਨਹੀਂ ਕੀਤਾ ਗਿਆ। ਜਦੋਂ ਹੁਣ ਠੇਕੇਦਾਰ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਹੈ ਫਿਰ ਵੀ ਠੇਕੇਦਾਰ ਵੱਲੋਂ ਅਨਾਜ ਮੰਡੀ ਵਿਖੇ ਪੰਜਾਬ ਮੰਡੀ ਬੋਰਡ ਤਪਾ ਮੰਡੀ ਦੀ ਬਿਜਲੀ ਚੋਰੀ ਕਰ ਕੇ ਸ਼ੈੱਡ ਬਣਾਉਣ ਦਾ ਕੰਮ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਜਿਸ ਕਾਰਨ ਠੇਕੇਦਾਰ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਹੁਣ ਕਿਸਾਨਾਂ ਨੂੰ ਭੋਗਣਾ ਪੈ ਰਿਹਾ ਹੈ। ਉੱਥੇ ਦੂਜੇ ਪਾਸੇ ਠੇਕੇਦਾਰ ਵੱਲੋਂ ਸ਼ੈਡ ਦੇ ਨਵੀਨੀਕਰਨ ਸਬੰਧੀ ਚੱਲ ਰਹੇ ਕੰਮ ਦੌਰਾਨ ਸ਼ਰੇਆਮ ਮੰਡੀ ’ਚ ਲੱਗੇ ਬਿਜਲੀ ਦੇ ਬਕਸਿਆਂ ’ਚ ਕੁੰਡੀ ਲਗਾ ਕੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਹੈ, ਜਦਕਿ ਪਾਵਰਕਾਮ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਜਦੋਂ ਪੱਤਰਕਾਰਾਂ ਦੀ ਟੀਮ ਨੇ ਬਾਹਰਲੀ ਅਨਾਜ ਮੰਡੀ ’ਚ ਖੁਦ ਦੇਖਿਆ ਕਿ ਮੰਡੀ ਚ ਲੱਗੇ ਬਿਜਲੀ ਦੇ ਬਕਸਿਆਂ ਚ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਨਾਜਾਇਜ਼ ਤੌਰ ਤੇ ਬਿਜਲੀ ਦੀਆਂ ਤਾਰਾਂ ਤੇ ਸਿੱਧੀਆਂ ਕੁੰਡੀਆਂ ਲਾ ਕੇ ਬਿਜਲੀ ਨਾਲ ਸਬੰਧਿਤ ਯੰਤਰ ਚਲਾਏ ਜਾ ਰਹੇ ਸਨ। ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਹਰਦੀਪ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਬੰਧਿਤ ਠੇਕੇਦਾਰ ਵੱਲੋਂ ਸ਼ੈੱਡ ਦਾ ਨਿਰਮਾਣ 5ਵੇਂ ਮਹੀਨੇ 2025 ਤੱਕ ਪੂਰਾ ਕਰਨਾ ਸੀ, ਜਦਕਿ ਨਿਸ਼ਚਿਤ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਠੇਕੇਦਾਰ ਦੇ ਕੰਨ ’ਤੇ ਜੂ ਨਹੀਂ ਸਰਕੀ ਤੇ ਹਾਲੇ ਵੀ ਸ਼ੈੱਡ ਦਾ ਕੰਮ ਅਧੂਰਾ ਹੀ ਪਿਆ ਹੈ। ਬਿਜਲੀ ਚੋਰੀ ਸਬੰਧੀ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਠੇਕੇਦਾਰ ਨੂੰ ਇੱਕ ਨੋਟਿਸ ਕੱਢ ਚੁੱਕੇ ਹਨ ਅਤੇ ਦੂਸਰਾ ਨੋਟਿਸ ਉਨ੍ਹਾਂ ਵੱਲੋਂ ਅੱਜ ਕੱਢਿਆ ਗਿਆ ਹੈ ਕਿ ਸਬੰਧਿਤ ਠੇਕੇਦਾਰ ਪਾਸੋਂ ਨੁਕਸਾਨ ਦੀ ਭਰਪਾਈ ਕਰਵਾਈ ਜਾਵੇਗੀ। ਉਧਰ ਦੂਜੇ ਪਾਸੇ ਜਦੋਂ ਇਸ ਸਬੰਧੀ ਪਾਵਰਕਾਮ ਤਪਾ-1 ਦੇ ਐੱਸਡੀਓ ਰਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਕਰਨ ਵਾਲੇ ਠੇਕੇਦਾਰ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।