ਡੀਸੀ ਨੇ ਕੀਤੀ ਗੁਰਭਜਨ ਗਿੱਲ ਦੀ ਰੁਬਾਈਆਂ ਦੀ ਪੁਸਤਕ ਰਿਲੀਜ਼
ਡੀਸੀ ਨੇ ਕੀਤੀ ਗੁਰਭਜਨ ਗਿੱਲ ਦੀ ਰੁਬਾਈਆਂ ਦੀ ਪੁਸਤਕ ਰਿਲੀਜ਼
Publish Date: Wed, 20 May 2026 03:54 PM (IST)
Updated Date: Wed, 20 May 2026 03:55 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਪੰਜਾਬੀ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਸਾਹਿਤਕਾਰ ਐਵਾਰਡੀ ਗੁਰਭਜਨ ਗਿੱਲ ਦੀ ਰੁਬਾਈਆਂ ਦੀ ਪੁਸਤਕ ‘ਸੰਧੂਰਦਾਨੀ’ ਆਪਣੀ ਰਿਹਾਇਸ਼ ਬਰਨਾਲਾ ’ਤੇ ਰਿਲੀਜ਼ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀ ਜੀਵਨ ਤੋਂ ਹੀ ਗਿੱਲ ਦੀ ਸ਼ਾਇਰੀ ਪੜ੍ਹਦਾ ਆ ਰਿਹਾ ਹਾਂ। ਉਨ੍ਹਾਂ ਦੀ ਹਰ ਕਾਵਿ ਰਚਨਾ ਮਨ ਉੱਤੇ ਸਿੱਧਾ ਅਸਰ ਕਰਦੀ ਹੈ। ਆਪਣੇ ਆਪ ਸਮਝ ਆਉਂਦੀ ਹੈ, ਅਰਥ ਲੱਭਣ ਜਾਂ ਚਿਤਵਣ ਦੀ ਲੋੜ ਨਹੀਂ ਪੈਂਦੀ। ਐੱਸਡੀਐੱਮ ਅਜੀਤਪਾਲ ਸਿੰਘ ਚਾਹਲ ਨੇ ਕਿਹਾ ਕਿ ਗਿੱਲ ਨੂੰ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਹੈ ਕਾਵਿ ਰਚਨਾ ਕਰਦਿਆਂ। ਉਨ੍ਹਾਂ ਨੇ ਗੀਤ ਵੀ ਲਿਖੇ, ਖੁੱਲ੍ਹੀ ਕਵਿਤਾ ਅਤੇ ਤੁੱਕ ਬੰਦ ਕਵਿਤਾ ਵੀ। ਗ਼ਜ਼ਲਾਂ ਤੇ ਰੁਬਾਈਆਂ ਵੀ। ਉਨ੍ਹਾਂ ਦੀ ਸਮੁੱਚੀ ਕਵਿਤਾ ਇਨਸਾਨ ’ਚ ਸ਼ਿੱਦਤ ਤੇ ਸੰਵੇਦਨਾ ਪੈਦਾ ਕਰਦੀ ਹੈ ਤੇ ਮਨੁੱਖ ਬਣਨ ਲਈ ਪ੍ਰੇਰਿਤ ਕਰਦੀ ਹੈ। ਪੰਜਾਬੀ ਦੇ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਗਿੱਲ ਪੰਜਾਬੀ ਦਾ ਇੱਕੋ ਇਕ ਸ਼ਾਇਰ ਹੈ, ਜਿਸਨੇ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਆਪਣੀਆਂ ਕਲਾ ਯੁਗਤਾਂ ’ਚ ਸਜੀਵ ਕਰ ਦਿੱਤੇ ਹਨ। ਆਮ ਤੋਂ ਆਮ ਵਰਤਾਰਿਆਂ ਤੇ ਵੀ ਅਤਿਅੰਤ ਭਾਵਪੂਰਤ ਸ਼ੇਅਰ ਕਹੇ ਹਨ। ਮਾਲਵਾ ਸਾਹਿਤ ਸਭਾ ਦੇ ਅਹਿਮ ਹਸਤਾਖ਼ਰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਗਿੱਲ ਸਾਹਿਬ ਨੇ ਵੱਡ ਆਕਾਰੀ ਗ਼ਜ਼ਲ ਸੰਗ੍ਰਹਿ ਲਿਖ ਕੇ ਗ਼ਜ਼ਲ ਨੂੰ ਸੌੜੇ ਖੇਤਰ ਚੋਂ ਕੱਢ ਕੇ ਆਮ ਪਾਠਕਾਂ ਦੇ ਘੇਰੇ ’ਚ ਲਿਆਂਦਾ ਹੈ। ਅੱਜ ਰਿਲੀਜ਼ ਹੋਇਆ ਰੁਬਾਈ ਸੰਗ੍ਰਹਿ ਵੀ ਪੰਜਾਬੀ ਦੇ ਕਾਵਿ ਪਾਠਕਾਂ ਦੇ ਦਾਇਰੇ ਨੂੰ ਹੈਰਾਨੀਜਨਕ ਪੱਧਰ ਤੇ ਵਿਸ਼ਾਲ ਕਰੇਗਾ।