ਦਿਨੋਂ ਦਿਨ ਵਧ ਰਹੀ ਮਹਿੰਗਾਈ ਕਾਰਨ ਘਰਾਂ ਦਾ ਬਜਟ ਵਿਗੜਿਆ
ਦਿਨੋਂ ਦਿਨ ਵਧ ਰਹੀ ਮਹਿੰਗਾਈ ਨੇ ਘਰਾਂ ਦਾ ਬਜਟ ਹਲਾਇਆ
Publish Date: Wed, 25 Mar 2026 05:08 PM (IST)
Updated Date: Wed, 25 Mar 2026 05:10 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਦੇਸ਼ ਅੰਦਰ ਦਿਨੋਂ-ਦਿਨ ਮਹਿੰਗਾਈ ਵਧਦੀ ਜਾ ਰਹੀ ਹੈ, ਜਿਸ ਦਾ ਅਸਰ ਆਮ ਵਰਗ ਦੇ ਲੋਕਾਂ ’ਤੇ ਪੈ ਰਿਹਾ ਹੈ, ਇਕ ਪਾਸੇ ਤਾਂ ਦੇਸ਼ ਅੰਦਰ ਬੇਰੁਜ਼ਗਾਰੀ ਦਾ ਬੋਲਬਾਲਾ ਹੈ ਉੱਪਰੋਂ ਵਧੀ ਮਹਿੰਗਾਈ ਨੇ ਮਜ਼ਦੂਰ ਵਰਗ ਦੇ ਚੁੱਲ੍ਹੇ ਠੰਢੇ ਕਰ ਕੇ ਰੱਖ ਦਿੱਤੇ ਹਨ। ਰੋਜ਼ਾਨਾ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਦੁੱਗਣੇ ਤਿੱਗਣੇ ਹੋ ਰਹੇ ਹਨ ਪਰ ਮਜ਼ਦੂਰ ਦੀ ਦਿਹਾੜੀ ’ਚ ਕੋਈ ਵਾਧਾ ਨਹੀਂ ਹੋ ਰਿਹਾ। ਜਿਸ ਕਾਰਨ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਿਆ ਹੈ। ਪੇਸ਼ ਹਨ ‘ਪੰਜਾਬੀ ਜਾਗਰਣ’ ਨਾਲ ਵੱਖ-ਵੱਖ ਸ਼ਖ਼ਤੀਅਤਾਂ ਦੇ ਵਿਚਾਰ।
ਸੰਦੀਪ ਕੁਮਾਰ ਵਿੱਕੀ ਚੇਅਰਮੈਨ ਵਪਾਰ ਮੰਡਲ ਤਪਾ ਮੰਡੀ ਨੇ ਕਿਹਾ ਕਿ ਦੇਸ ਅੰਦਰ ਮਹਿੰਗਾਈ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਲੋਕਾਂ ਨੂੰ ਆਪਣੇ ਘਰਾਂ ਦਾ ਗੁਜਾਰਾ ਕਰਨਾ ਵੀ ਔਖ਼ਾ ਹੋ ਗਿਆ ਹੈ। ਪਰ ਸਮੇਂ ਦੀਆਂ ਸਰਕਾਰ ਦਾ ਮਹਿੰਗਾਈ ’ਤੇ ਕੋਈ ਕੰਟਰੋਲ ਨਹੀਂ ਹੈ। ਜਿਸ ਦਾ ਮਜ਼ਦੂਰ ਵਰਗ ’ਤੇ ਬਹੁਤ ਵੱਡਾ ਅਸਰ ਪੈ ਰਿਹਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਉਹ ਮਹਿੰਗਾਈ ’ਤੇ ਕੰਟਰੋਲ ਕਰਨ ਲਈ ਵਿਸ਼ੇਸ਼ ਰਣਨੀਤੀ ਅਖਤਿਆਰ ਕਰੇ।
ਮੁਕੇਸ਼ ਸਿੰਗਲਾ ਹੋਲਸੇਲ ਵਪਾਰੀ ਨੇ ਕਿਹਾ ਕਿ ਮਜ਼ਦੂਰ ਦੀ ਦਿਹਾੜੀ 400 ਤੋਂ 600 ਰੁਪਏ ਤੱਕ ਹੈ, ਜਦਕਿ ਰੋਜ਼ਾਨਾ ਰਸੋਈ ’ਚ ਵਰਤੀਆਂ ਜਾਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਮਜ਼ਦੂਰ ਦੀ ਦਿਹਾੜੀ ਤੋਂ ਜ਼ਿਆਦਾ ਹਨ। ਜਿਸ ਕਾਰਨ ਮਜ਼ਦੂਰ ਆਪਣਾ ਸਹੀ ਤਰੀਕੇ ਨਾਲ ਪੇਟ ਵੀ ਨਹੀਂ ਭਰ ਸਕਦਾ ਤੇ ਮਜ਼ਦੂਰ ਦੀ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ।
ਪਰਵੀਨ ਕੁਮਾਰ ਘੁੰਨਸ ਸਹਾਰਾ ਕਲੱਬ ਤੇ ਡੇਅਰੀ ਮਾਲਕ ਨੇ ਕਿਹਾ ਕਿ ਸਰਕਾਰਾਂ ਵੱਲੋਂ ਮਜ਼ਦੂਰ ਵਰਗ ਲਈ ਭਲਾਈ ਸਕੀਮਾਂ ਤਾਂ ਚਲਾਈਆਂ ਜਾਂਦੀਆਂ ਹਨ ਪਰ ਸਕੀਮਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ ਹੈ ਤੇ ਮਜ਼ਦੂਰ ’ਚ ਵਿਚਕਾਰ ਫ਼ਸ ਕੇ ਰਹਿ ਜਾਂਦਾ ਹੈ। ਸੂਬੇ ਅੰਦਰ ਮਜ਼ਦੂਰ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਬਣਦੀ ਜਾ ਰਹੀ ਹੈ। ਜਿਸ ਪ੍ਰਤੀ ਸੁਚੇਤ ਹੋਣਾ ਸਮੇਂ ਦੀ ਮੁੱਖ ਲੋੜ ਹੈ।
ਕਿਸਾਨ ਆਗੂ ਬੂਟਾ ਸਿੰਘ ਸਿੱਧੂ ਸੇਖਾ ਨੇ ਕਿਹਾ ਕਿ ਦੇਸ ਅੰਦਰ ਬੇਰੁਜ਼ਗਾਰੀ ਦਾ ਬੋਲਬਾਲਾ ਹੈ ਇਕ ਪਾਸੇ ਮਜ਼ਦੂਰ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮਜ਼ਦੂਰੀ ਨਹੀਂ ਮਿਲ ਰਹੀ ਉਪਰੋਂ ਦਿਨੋਂ-ਦਿਨ ਵਧ ਰਹੀ ਮਹਿੰਗਾਈ ਨੇ ਉਨ੍ਹਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਮਜ਼ਦੂਰ ਵਰਗ ਹਰ ਪਾਸੇ ਤੋਂ ਖਤਮ ਹੋ ਰਿਹਾ ਹੈ, ਜਿਸ ਦਾ ਮਜ਼ਦੂਰ ਵਰਗ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਿਆ ਹੈ।