ਪਿੰਡ ਚੰਨਣਵਾਲ ’ਚ ਗੜੇਮਾਰੀ ਤੇ ਹਨੇਰੀ ਨੇ ਕਿਸਾਨਾਂ ਦੀ ਮੂੰਗੀ-ਮੱਕੀ ਕੀਤੀ ਤਬਾਹ
ਪਿੰਡ ਚੰਨਣਵਾਲ ’ਚ ਗੜੇਮਾਰੀ ਤੇ ਤੇਜ਼ ਹਨੇਰੀ ਨੇ ਕਿਸਾਨਾਂ ਦੀ ਮੂੰਗੀ-ਮੱਕੀ ਤਬਾਹ ਕੀਤੀ
Publish Date: Fri, 15 May 2026 05:50 PM (IST)
Updated Date: Sat, 16 May 2026 04:04 AM (IST)

12 ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਨੁਕਸਾਨੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਜਾਇਜ਼ਾ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲਕਲਾਂ ਅਧੀਨ ਪੈਂਦੇ ਪਿੰਡ ਚੰਨਣਵਾਲ ’ਚ ਬੀਤੇ ਦਿਨੀਂ ਪਈ ਭਾਰੀ ਗੜੇਮਾਰੀ ਤੇ ਤੇਜ਼ ਹਨੇਰੀ ਨੇ ਕਿਸਾਨਾਂ ਦੀਆਂ ਮੂੰਗੀ ਤੇ ਮੱਕੀ ਦੀਆਂ ਫਸਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਟੱਲੇਵਾਲ ਨੂੰ ਜਾਂਦੇ ਕੱਚੇ ਰਸਤੇ ਨੇੜੇ 12 ਕਿਸਾਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਇਸ ਮੌਕੇ ਸਮਾਜ ਸੇਵੀ ਫੌ਼ਜੀ ਬਲਵਿੰਦਰ ਸਿੰਘ ਰਾਜਾ, ਗੁਰਜਨਕ ਸਿੰਘ ਚੰਨਣਵਾਲ, ਗੁਰਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਦਲਵੀਰ ਸਿੰਘ, ਹਰਸੇਵਕ ਸਿੰਘ, ਜਗਤਾਰ ਸਿੰਘ, ਬਿੱਕਰ ਸਿੰਘ, ਗੁਰਜੰਟ ਸਿੰਘ ਅਤੇ ਬਲਵੰਤ ਸਿੰਘ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰੀ ਗੜੇਮਾਰੀ ਅਤੇ ਹਨੇਰੀ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਦੀ 8 ਏਕੜ ਮੂੰਗੀ, ਜਸਵਿੰਦਰ ਸਿੰਘ ਦੀ 5 ਏਕੜ ਮੂੰਗੀ ਅਤੇ 5 ਏਕੜ ਮੱਕੀ, ਹਰਵਿੰਦਰ ਸਿੰਘ ਦੀ 3 ਏਕੜ ਮੱਕੀ, ਗੁਰਪ੍ਰੀਤ ਸਿੰਘ ਦੀ 5 ਏਕੜ ਮੱਕੀ, ਜਸਮਨ ਸਿੰਘ ਦੀ 9 ਏਕੜ ਮੂੰਗੀ, ਭਿੰਦਾ ਸਿੰਘ ਦੀ 3 ਏਕੜ ਮੱਕੀ, ਕਰਮਜੀਤ ਸਿੰਘ ਦੀ 2 ਏਕੜ ਮੱਕੀ, ਸੁਖਚੈਨ ਸਿੰਘ ਦੀ ਮੂੰਗੀ, ਗੁਰਚਰਨ ਸਿੰਘ ਦੀ 3 ਏਕੜ ਮੱਕੀ, ਚਰਨਜੀਤ ਸਿੰਘ ਦੀ 2 ਏਕੜ ਮੱਕੀ, ਬਲਜਿੰਦਰ ਸਿੰਘ ਦੀ 3 ਏਕੜ ਮੱਕੀ ਅਤੇ ਗੁਰਜੰਟ ਸਿੰਘ ਦੀ 1 ਏਕੜ ਮੂੰਗੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਫਸਲਾਂ ਨੂੰ ਲਾਹੇਵੰਦ ਭਾਅ ਨਾ ਮਿਲਣ ਕਾਰਨ ਖੇਤੀਬਾੜੀ ਘਾਟੇ ਦਾ ਸੌਦਾ ਬਣੀ ਹੋਈ ਹੈ। ਕਰਜੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਲਈ ਇਹ ਨੁਕਸਾਨ ਹੋਰ ਵੀ ਵੱਡੀ ਮੁਸੀਬਤ ਬਣ ਗਿਆ ਹੈ ਤੇ ਸਰਕਾਰ ਵੱਲੋਂ ਤੁਰੰਤ ਰਾਹਤ ਦੀ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੜੇਮਾਰੀ ਤੇ ਹਨੇਰੀ ਨਾਲ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਖੇਤੀਬਾੜੀ ਲਈ ਖੜ੍ਹੇ ਹੋ ਸਕਣ। ਇਸ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਚੰਨਣਵਾਲ ਪਹੁੰਚ ਕੇ ਪੀੜਤ ਕਿਸਾਨਾਂ ਦੇ ਖੇਤਾਂ ’ਚ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ। ਵਿਧਾਇਕ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਗਿਰਦਾਵਰੀ ਤੁਰੰਤ ਕਰਵਾਉਣ ਅਤੇ ਰਿਪੋਰਟ ਸਰਕਾਰ ਨੂੰ ਭੇਜਣ ਲਈ ਹੁਕਮ ਜਾਰੀ ਕਰਨ ਦੀ ਗੱਲ ਵੀ ਕਹੀ। ਇਲਾਕੇ ਦੇ ਕਿਸਾਨਾਂ ਨੇ ਉਮੀਦ ਜਤਾਈ ਹੈ ਕਿ ਸਰਕਾਰ ਜਲਦ ਕਾਰਵਾਈ ਕਰਕੇ ਉਨ੍ਹਾਂ ਨੂੰ ਵੱਡੇ ਆਰਥਿਕ ਸੰਕਟ ਤੋਂ ਬਚਾਏਗੀ।