ਠੀਕਰੀਵਾਲਾ ਨਰਸਿੰਗ ਕਾਲਜ ਦੀ ਉਸਾਰੀ 'ਤੇ ਹਲਕੇ 'ਚ ਸਿਆਸਤ ਗਰਮਾਈ
ਠੀਕਰੀਵਾਲਾ ਨਰਸਿੰਗ ਕਾਲਜ ਦੀ ਉਸਾਰੀ 'ਤੇ ਹਲਕੇ 'ਚ ਸਿਆਸਤ ਗਰਮਾਈ
Publish Date: Mon, 04 May 2026 04:01 PM (IST)
Updated Date: Tue, 05 May 2026 04:02 AM (IST)

ਹਲਕਾ ਵਿਧਾਇਕ ਦੇ ਬਿਆਨ ਨਾਲ ਪਿੰਡ ਠੀਕਰੀਵਾਲਾ ਦੇ ਲੋਕਾਂ ਚ ਨਿਰਾਸ਼ਾ ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ, ਮਹਿਲਕਲਾਂ : ਇਤਿਹਾਸਕ ਪਿੰਡ ਠੀਕਰੀਵਾਲਾ ਵਿਖੇ ਬਨਣ ਵਾਲੇ ਨਰਸਿੰਗ ਕਾਲਜ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਬਜਾਰ ਗਰਮ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੈ। ਆਮ ਆਦਮੀ ਪਾਰਟੀ ਵੱਲੋਂ ਮਹਿਲ ਕਲਾਂ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ ਦੇ ਸੁਕਰਾਨਾ ਸਮਾਗਮਾਂ ਸਮੇਂ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਹਾਜਰੀ ਚ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਇੱਕ ਬਿਆਨ ਨੇ ਮਾਮਲਾ ਫਿਰ ਚਰਚਾ ’ਚ ਹੈ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦਿੱਤੇ ਜਵਾਬ ਨੂੰ ਲੈ ਕੇ ਵੱਡੀ ਗਿਣਤੀ ਪਿੰਡ ਵਾਸੀਆਂ ਅਤੇ ਵੱਖ ਵੱਖ ਰਾਜਨੀਤਕ ਦਲਾਂ ਦੇ ਆਗੂਆਂ ਨੇ ਨਿਖੇਧੀ ਕਰਦਿਆਂ ਇਸ ਜਵਾਬ ਨੂੰ ਹਾਸੋਹੀਣਾ ਦੱਸਿਆ। ਇਸ ਮੌਕੇ ਗੱਲਬਾਤ ਕਰਦਿਆਂ ਕਾਗਰਸ (ਆਈ) ਦੇ ਸੀਨੀਅਰ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ, ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਦੇ ਕਰਦੀ ਹੈ, ਜਦਕਿ ਅਸਲ ਸਥਿਤੀ ਕੁਝ ਹੋਰ ਹੈ। ਬਿਆਨਾਂ ਅਤੇ ਇਸਤਿਹਾਰਾਂ ਦੀ ਇਸ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੋਝਾ ਮਜਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸਲਾਨਾ ਸਹੀਦੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਮੈ ਅਫਸਰ ਨਾਲ ਲੈ ਕੇ ਚੱਲਦਾ ਹਾਂ, ਜਲਦ ਹੀ ਸਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਨਗਰ ’ਚ ਨਰਸਿੰਗ ਕਾਲਜ ਬਣਾਇਆ ਜਾਵੇਗਾ। ਉਸ ਸਮੇਂ ਇਸ ਕਾਲਜ ਲਈ ਜਲਦ ਗ੍ਰਾਂਟ ਭੇਜਣ ਦੀ ਗੱਲ ਵੀ ਕੀਤੀ ਸੀ। ਸਰਕਾਰ ਦੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਇਲਾਕਾ ਨਿਵਾਸੀ ਨਰਸਿੰਗ ਕਾਲਜ ਬਨਣ ਦੀ ਸੁਰੂਆਤ ਨੂੰ ਉਡੀਕ ਰਹੇ ਹਨ। ਪਰ ਅਜੇ ਤੱਕ ਕਾਲਜ ਲਈ ਇੱਕ ਇੱਟ ਨਹੀਂ ਲੱਗੀ ਅਤੇ ਨਾ ਹੀ ਕੋਈ ਅਧਿਕਾਰੀ ਸਰਵਾ ਜਾਂ ਮੌਕਾ ਦੇਖਣ ਪੁੱਜਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਅਤੇ ਸਿਹਤ ਸਹੂਲਤਾਂ ਦੇ ਨਾਮ ਤੇ ਪੰਜਾਬ ਦੇ ਲੋਕਾਂ ਨੂੰ ਸਿਰਫ ਝੂਠੇ ਦਾਅਵੇ ਅਤੇ ਇਸਤਿਹਾਰਬਾਜੀ ਹੀ ਦਿਖੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਵਿਧਾਇਕ ਦੇ ਬਿਆਨ ਨੇ ਇਹ ਸਿੱਧ ਕਰ ਦਿੱਤਾ ਕਿ ਅਜੇ ਤੱਕ ਨਰਸਿੰਗ ਕਾਲਜ ਬਣਾਉਣ ਤੇ ਕੋਈ ਗੱਲਬਾਤ ਨਹੀਂ ਹੋਈ। ਸਿਰਫ ਪਿੰਡ ਦੇ ਲੋਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਕਾਲਜ ਦੇ ਨਾਮ ਤੇ ਮੂਰਖ ਬਣਾਇਆ ਗਿਆ ਹੈ। ਇਸ ਮੌਕੇ ਪਿੰਡ ਵਾਸੀ ਜਥੇਦਾਰ ਲਾਭ ਸਿੰਘ ਅਤੇ ਗੁਰਪ੍ਰੀਤ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਪਿੰਡ ਵਾਸੀ ਨਰਸਿੰਗ ਕਾਲਜ ਉਡੀਕ ਰਹੇ ਹਨ, ਕਈ ਵਾਰ ਗ੍ਰਾਟ ਜਾਰੀ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਚੁੱਕੇ ਹਨ। ਨਰਸਿੰਗ ਕਾਲਜ ਦੀ ਉਸਾਰੀ ਲਈ ਵੱਖ ਵੱਖ ਮੰਤਰੀਆਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸਮੇਤ ਪ੍ਰਸਾਸ਼ਨਕ ਅਧਿਕਾਰੀਆਂ ਨੂੰ ਮਿਲਿਆ ਜਾ ਚੁੱਕਾ ਹੈ। ---- ਬਾਕਸ ਨਿਊਜ਼ ਲੜਕੀਆਂ ਦੇ ਬਾਹਰ ਜਾਣ ਦਾ ਰੁਝਾਨ ਘਟਿਆ : ਵਿਧਾਇਕ ਪਿਛਲੇ ਦਿਨੀਂ ਵਿਧਾਇਕ ਨੇ ਕਿਹਾ ਸੀ ਕਿ ਨੌਜਵਾਨ ਲਗਾਤਾਰ ਬਾਹਰ (ਵਿਦੇਸ਼) ਜਾ ਰਹੇ ਹਨ, ਇਸ ਕਰਕੇ ਸੀਟਾਂ ਪੂਰੀਆਂ ਨਹੀਂ ਹੋਣੀਆਂ ਸਨ, ਜਿਸ ਕਰਕੇ ਨਰਸਿੰਗ ਕਾਲਜ ਬਣਾਉਣ ਦਾ ਕੰਮ ਨਹੀਂ ਸੀ ਹੋਇਆ, ਪਰ ਹੁਣ ਲੜਕੀਆਂ ਦੇ ਬਾਹਰ ਜਾਣ ਦਾ ਰੁਝਾਨ ਘਟਿਆ ਹੈ ਇਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਕੇ ਕਾਲਜ ਬਣਾਉਣ ਦੀ ਮੰਗ ਰੱਖੀ ਜਾਵੇਗੀ। ਇਸ ਬਿਆਨ ਨਾਲ ਇਲਾਕੇ ਤੇ ਖਾਸਕਰ ਪਿੰਡ ਵਾਸੀਆਂ ਦੇ ਮਨਾਂ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ, ਜਿਸ ਕਾਰਨ ਆਉਦੇ ਦਿਨਾਂ ’ਚ ਹਲਕਾ ਵਿਧਾਇਕ ਲਈ ਇਹ ਮਾਮਲਾ ਰਾਜਨੀਤਕ ਸੱਟ ਮਾਰ ਸਕਦਾ ਹੈ। ਦੇਖਣਾ ਹੋਵੇਗਾ ਕਿ ਆਪਣੇ ਇਸ ਬਿਆਨ ਤੋਂ ਨਿਰਾਸ ਹੋਏ ਲੋਕਾਂ ਨੂੰ ਸਮਝਾਉਣ ’ਚ ਵਿਧਾਇਕ ਕਿਵੇਂ ਸਫਲ ਹੁੰਦੇ ਹਨ? ਫਿਲਹਾਲ ਇਸ ਬਿਆਨ ਦੀ ਚਰਚਾ ਹਲਕੇ ’ਚ ਵੱਡੀ ਪੱਧਰ ਤੇ ਚੱਲ ਰਹੀ ਹੈ, ਅਤੇ ਸੱਥਾਂ ’ਚ ਇਸ ਬਿਆਨ ਨੂੰ ਲੈ ਕੇ ਵਿਚਾਰਾਂ ਦਾ ਬਜਾਰ ਪੂਰਾ ਗਰਮ ਹੈ। ਆਮ ਲੋਕਾਂ ਦਾ ਕਹਿਣਾ ਹੈ ਨੇੜੇ ਦੇ ਕਾਲਜਾਂ ’ਚ ਨਰਸਿੰਗ ਕਰਨ ਵਾਲੀਆਂ ਲੜਕੀਆਂ ਲਈ ਸੀਟਾਂ ਸਮੇਂ ਤੋਂ ਪਹਿਲਾਂ ਫੁੱਲ ਹੋ ਜਾਂਦੀਆਂ ਹਨ।