ਕਾਲੇਕੇ ਆਦਰਸ਼ ਸਕੂਲ ਦਾ ਮੰਦਾ ਹਾਲ: ਸਰਕਾਰੀ ਦਾਅਵਿਆਂ ਦੇ ਉਲਟ ਸਿੱਖਿਆ ਕ੍ਰਾਂਤੀ ਦੀਆਂ ਉੱਡ ਰਹੀਆਂ ਧੱਜੀਆਂ
ਆਦਰਸ਼ ਸਕੂਲ 2007 ’ਚ ਐੱਸਏਡੀ ਅਤੇ ਭਾਜਪਾ ਰਾਜ ਸਮੇਂ ਪੇਂਡੂ ਹਲਕਿਆਂ ’ਚ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਦੇ ਮੁਕਾਬਲੇ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰ ਨੇ ਸਕੀਮ ਦਾ ਨਿਰਮਾਣ ਕੀਤਾ ਸੀ, 25 ਸਕੂਲ ਖੋਲ੍ਹੇ ਗਏ ਸਨ, ਜਿਨ੍ਹਾਂ ’ਚ ਅੰਗਰੇਜ਼ੀ ਮਾਧਿਅਮ ’ਚ ਮੁਫ਼ਤ ਪੜਾਈ ਕਰਵਾਈ ਜਾਂਦੀ ਹੈ।
Publish Date: Sat, 02 May 2026 01:28 PM (IST)
Updated Date: Sat, 02 May 2026 01:37 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਆਦਰਸ਼ ਸਕੂਲ 2007 ’ਚ ਐੱਸਏਡੀ ਅਤੇ ਭਾਜਪਾ ਰਾਜ ਸਮੇਂ ਪੇਂਡੂ ਹਲਕਿਆਂ ’ਚ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਦੇ ਮੁਕਾਬਲੇ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰ ਨੇ ਸਕੀਮ ਦਾ ਨਿਰਮਾਣ ਕੀਤਾ ਸੀ, 25 ਸਕੂਲ ਖੋਲ੍ਹੇ ਗਏ ਸਨ, ਜਿਨ੍ਹਾਂ ’ਚ ਅੰਗਰੇਜ਼ੀ ਮਾਧਿਅਮ ’ਚ ਮੁਫ਼ਤ ਪੜਾਈ ਕਰਵਾਈ ਜਾਂਦੀ ਹੈ।
ਇਨ੍ਹਾਂ ਸਕੂਲਾਂ ’ਚ ਮੁਫ਼ਤ ਵਿਦਿਆ ਦੇ ਨਾਲ-ਨਾਲ ਕਿਤਾਬਾਂ ਯੂਨੀਫ਼ਾਰਮ ਅਤੇ ਮਿਆਰੀ ਖਾਣਾ ਵੀ ਮੁਫ਼ਤ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦਿੰਦਿਆਂ ਦੱਸਿਆ ਕਿ ਸਾਡੇ ਜ਼ਿਲ੍ਹੇ ਅੰਦਰ ਵੀ ਇਕ ਆਦਰਸ਼ ਸਕੂਲ ਕਾਲੇਕੇ ਪਿੰਡ ਖੋਲਿਆ ਗਿਆ ਸੀ, ਜਿਸ ਦੀ ਅੱਜਕਲ੍ਹ ਬਹੁਤ ਬੁਰੀ ਦੁਰਦਸ਼ਾ ਹੈ, ਵੈਸੇ ਤਾਂ ਸਾਰੇ ਹੀ ਆਦਰਸ਼ ਸਕੂਲਾਂ ਦੀ ਹਾਲਤ ਮਾੜੀ ਹੈ, ਕਾਲੇਕੇ ਸਕੂਲ ਪਹੁੰਚਣ ਲਈ ਮੇਨ ਸੜਕ ਤੋਂ ਸਕੂਲ ਤੱਕ ਤਕਰੀਬਨ ਡੇਢ ਕਿਲੋਮੀਟਰ ਦਾ ਰਸਤਾ ਬੇਹੱਦ ਹੀ ਤਰਸਯੋਗ ਹਾਲਤ ’ਚ ਖਾਸ ਕਰ ਜਦ ਥੋੜੀ ਜਿਹੀ ਬਾਰਿਸ਼ ਪੈ ਜਾਵੇ ਤਾਂ ਬੱਚਿਆਂ ਨੂੰ ਲੰਘਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ।
2022 ਤੋਂ ਬਾਅਦ ਕੋਈ ਵੀ ਸਾਇੰਸ ਦਾ ਟੀਚਰ ਇਸ ਸਕੂਲ ’ਚ ਨਹੀਂ ਹੈ, ਪਹਿਲਾ 40 ਤੋਂ 50 ਬੱਚੇ ਮੈਡੀਕਲ ਅਤੇ ਨਾਨ ਮੈਡੀਕਲ ਕਲਾਸਾਂ ’ਚ ਸਨ ਪਰ 22 ਤੋਂ ਬਾਅਦ ਇਨ੍ਹਾਂ ਬੱਚਿਆਂ ਦੀ ਗਿਣਤੀ ਖ਼ਤਮ ਹੋ ਗਈ ਤਾਂ ਅੱਜ ਜੇਕਰ ਦੇਖੀਏ ਤਾਂ ਚਾਰ ਬੱਚੇ ਸਾਇੰਸ ਸਟਰੀਮ ਦੇ ਹਨ। ਜਿੰਨਾ ’ਚੋਂ ਦੋ ਬੱਚੇ ਛੱਡ ਕੇ ਜਾ ਰਹੇ ਹਨ ਅਤੇ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਸਿੱਖਿਆ ਕ੍ਰਾਂਤੀ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ।
ਸਿੱਧੂ ਨੇ ਸਿੱਖਿਆ ਮੰਤਰੀ ਅਤੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਆਦਰਸ਼ ਸਕੂਲ ’ਚ ਤੁਰੰਤ ਲੋੜੀਂਦੇ ਸਾਇੰਸ ਅਧਿਆਪਕ ਤਾਇਨਾਤ ਕੀਤੇ ਜਾਣ ਅਤੇ ਮੇਨ ਰੋਡ ਤੋਂ ਸਕੂਲ ਤੱਕ ਜਾਣ ਵਾਲੇ ਰਸਤੇ ਤੇ ਪੱਕੀ ਸੜਕ ਬਣਾਈ ਜਾਵੇ।