ਬੀਤੇ ਦਿਨੀਂ ਟਰੱਕ ਯੂਨੀਅਨ ਭਵਾਨੀਗੜ੍ਹ ਦੀ ਪ੍ਰਧਾਨਗੀ ਨੂੰ ਲੈ ਕੇ ਭੜਕੇ ਵਿਵਾਦ, ਟਰੱਕ ਆਪਰੇਟਰਾਂ 'ਤੇ ਹੋਏ ਲਾਠੀਚਾਰਜ, ਪੁਲਿਸ 'ਤੇ ਪੱਥਰਬਾਜ਼ੀ ਕਾਰਨ ਬਣੇ ਮਾਹੌਲ ਅਤੇ ਪੁਲਿਸ ਵੱਲੋਂ ਸੰਗੀਨ ਧਾਰਾਵਾਂ ਤਹਿਤ ਕਰੀਬ ਦਸ ਵਿਅਕਤੀਆਂ 'ਤੇ ਦਰਜ ਕੀਤੇ ਗਏ ਕੇਸ ਤੋਂ ਬਾਅਦ, ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਪੱਤਰਕਾਰਾਂ ਦੇ ਸਾਹਮਣੇ ਖੁੱਲ੍ਹ ਕੇ ਸਿੱਧੇ ਤੌਰ 'ਤੇ SSP ਸੰਗਰੂਰ ਅਤੇ ਭਵਾਨੀਗੜ੍ਹ ਪੁਲਿਸ 'ਤੇ ਨਿਸ਼ਾਨਾ ਸਾਧਿਆ।

ਉਥੇ ਹੀ ਸਵੇਰੇ ਐੱਸ.ਐੱਸ.ਪੀ. ਸੰਗਰੂਰ ਨੇ ਇੱਕ ਵੀਡੀਓ ਜਾਰੀ ਕਰਕੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਜਾਣਕਾਰੀ ਦਿੱਤੀ। ਇਸ 'ਤੇ ਭਰਾਜ ਨੇ ਕਿਹਾ ਕਿ ਪੁਲਿਸ ਨੇ ਸੰਗੀਨ ਧਾਰਾਵਾਂ ਲਗਾ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਕਾਰਕਰਤਾਵਾਂ 'ਤੇ ਕੇਸ ਦਰਜ ਕੀਤਾ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ।
ਇੰਨਾ ਹੀ ਨਹੀਂ, ਐੱਸ.ਐੱਸ.ਪੀ. ਨੇ ਇਨ੍ਹਾਂ ਵਿਅਕਤੀਆਂ ਨੂੰ 'ਸ਼ਰਾਰਤੀ ਅਨਸਰਾਂ' ਦਾ ਨਾਂ ਦੇ ਕੇ ਇਨ੍ਹਾਂ 'ਤੇ ਇਰਾਦਾ-ਏ-ਕਤਲ ਸਮੇਤ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜਦਕਿ ਇਹ ਪਾਰਟੀ ਵਰਕਰ ਹਨ, ਕੋਈ ਅੱਤਵਾਦੀ ਨਹੀਂ।
ਭਰਾਜ ਨੇ ਕਿਹਾ ਕਿ ਰਾਤ ਭਰ ਪੁਲਿਸ ਨੇ ਪਿੰਡ ਫੱਗੂਵਾਲਾ, ਕਾਕੜਾ ਸਮੇਤ ਕਈ ਪਾਰਟੀ ਵਰਕਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਗ੍ਰਿਫ਼ਤਾਰ ਕਰਕੇ ਲੈ ਗਈ। ਇਨ੍ਹਾਂ ਦੇ ਪਰਿਵਾਰ ਬੇਹੱਦ ਸਹਿਮ ਦੇ ਮਾਹੌਲ ਵਿੱਚ ਹਨ। ਉਹ ਇਨ੍ਹਾਂ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਪੱਖੋਂ ਇਨ੍ਹਾਂ ਦੀ ਮਦਦ ਕਰੇਗੀ। ਭਰਾਜ ਨੇ ਕਿਹਾ ਕਿ ਉਹ ਇਸ ਘਟਨਾਕ੍ਰਮ ਬਾਰੇ ਸਰਕਾਰ ਅਤੇ ਪਾਰਟੀ ਹਾਈਕਮਾਨ ਨੂੰ ਜਾਣੂ ਕਰਵਾ ਚੁੱਕੀ ਹੈ। ਪਾਰਟੀ ਵਰਕਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।