ਕਾਂਗਰਸੀ ਵਿਧਾਇਕ ਕਾਲਾ ਢਿੱਲੋਂ ਵੱਲੋਂ ‘ਆਪ’ ’ਤੇ ਧੱਕੇਸ਼ਾਹੀ ਦਾ ਦੋਸ਼
ਕਾਂਗਰਸੀ ਵਿਧਾਇਕ ਕਾਲਾ ਢਿੱਲੋਂ ਵੱਲੋਂ ‘ਆਪ’ ’ਤੇ ਧੱਕੇਸ਼ਾਹੀ ਦਾ ਦੋਸ਼
Publish Date: Fri, 29 May 2026 04:59 PM (IST)
Updated Date: Sat, 30 May 2026 04:02 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪ ਦੀ ਸਰਕਾਰ ਉੱਪਰ ਨਗਰ ਨਿਗਮ ਚੋਣਾਂ ਵਿੱਚ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ। ਬਰਨਾਲਾ ਦੇ ਐੱਸਡੀ ਕਾਲਜ ਵਿੱਚ ਵੋਟਾਂ ਦੀ ਕਾਊਂਟਿੰਗ ਸੈਂਟਰ ਉੱਪਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੀ ਇਕ ਖ਼ਾਸ ਵਿਸ਼ੇਸ਼ਤਾ ਰਹੀ ਹੈ ਕਿ ਇੱਥੇ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਆਗੂ ਜਾਂ ਵਰਕਰ ਹੋਵੇ, ਸਾਰਿਆਂ ’ਚ ਆਪਸੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਰਹੀ ਹੈ। ਪਰ ਪੁਲਿਸ ਅਧਿਕਾਰੀਆਂ ਦੀ ਵਰਤੋਂ ਕਰ ਕੇ ਅਜਿਹੀ ਗੁੰਡਾਗਰਦੀ ਤੇ ਬਦਮਾਸ਼ੀ ਕਰਵਾਉਣੀ ਤੇ ਪੁਲਿਸ ਨੂੰ ਗੁੰਡੇ ਬਣਾ ਦੇਣਾ, ਇਹ ਜ਼ਿੰਦਗੀ ’ਚ ਪਹਿਲੀ ਵਾਰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਵਾਰਡਬੰਦੀ ਤੋਂ ਲੈ ਕੇ ਅੱਜ ਤਕ ਲੋਕਾਂ ਦੇ ਮਨਾਂ ’ਚ ਇਹੀ ਡਰ ਬਣਿਆ ਹੋਇਆ ਹੈ ਸੱਤਾਧਾਰੀ ਉੱਥੇ ਧੱਕੇਸ਼ਾਹੀ ਕਰਨਗੇ। ਕਿਉਂਕਿ ਇਹ ਚੋਣਾਂ ਬਹੁਤ ਛੋਟੀਆਂ ਹਨ, ਜਿੱਥੇ ਇਕ ਵਾਰਡ ’ਚ ਲਗਪਗ 1500 ਤੋਂ 1800 ਵੋਟਾਂ ਹਨ ਤੇ ਉਨ੍ਹਾਂ ਵਿੱਚੋਂ ਵੀ ਸਿਰਫ਼ 1000-1200 ਵੋਟਾਂ ਹੀ ਪੋਲ ਹੋਈਆਂ ਹਨ। ਇੱਥੇ ਹਾਰ-ਜਿੱਤ ਦਾ ਫ਼ਰਕ ਬਹੁਤ ਘੱਟ ਯਾਨੀ ਮਹਿਜ਼ 10-20 ਵੋਟਾਂ ਦਾ ਹੋਣਾ ਹੈ। ਇਸ ਲਈ ਵਿਰੋਧੀ ਉਮੀਦਵਾਰਾਂ ਦੀਆਂ ਵੋਟਾਂ ਕੈਂਸਲ ਕਰਨ ਜਾਂ ਕਿਸੇ ਹੋਰ ਤਰੀਕੇ ਨਾਲ ਧੱਕੇਸ਼ਾਹੀ ਕੀਤੇ ਜਾਣ ਦਾ ਖ਼ਦਸ਼ਾ ਅੱਜ ਵੀ ਬਣਿਆ ਹੋਇਆ ਹੈ। ਇੱਥੋਂ ਤੱਕ ਕਿ ਵਾਰਡ-38 ਤੋਂ ਭਾਜਪਾ ਦੇ ਇੱਕ ਨੌਜਵਾਨ ਉਮੀਦਵਾਰ ਦੀ ਮਾਤਾ, ਉਸ ਦੀ ਭੈਣ ਤੇ ਜੀਜੇ ਨੂੰ ਪੁਲਿਸ ਬੇਇੱਜ਼ਤ ਕਰ ਕੇ ਥਾਣੇ ਚੁੱਕ ਕੇ ਲੈ ਗਈ। ਜਦੋਂ ਇਕ ਸੇਵਾਮੁਕਤ ਪੁਲਿਸ ਅਧਿਕਾਰੀ (ਜੋ ਉਮੀਦਵਾਰ ਦਾ ਪਿਤਾ ਹੈ) ਆਪਣੇ ਬੱਚਿਆਂ ਦੀ ਖ਼ਾਤਰ ਥਾਣੇ ਗਿਆ, ਤਾਂ ਉੱਥੇ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਗਈ। ਲੋਕ ਇਨ੍ਹਾਂ ਕਰਤੂਤਾਂ ਦਾ ਸਬਕ ਜ਼ਰੂਰ ਸਿਖਾਉਣਗੇ। ਕਾਲਾ ਢਿੱਲੋਂ ਨੇ ਕਿਹਾ ਕਿ ਇਸ ਪੂਰੀ ਚੋਣ ਪ੍ਰਕਿਰਿਆ ’ਚ ਪੁਲਿਸ ਤੇ ਇੱਥੋਂ ਦੇ ਸੱਤਾਧਾਰੀ ਲੋਕਾਂ ਜੋ ਰਾਜਨੀਤੀ ’ਚ ਬਦਲਾਅ ਦੀ ਗੱਲ ਕਰਕੇ ਸੱਤਾ ’ਚ ਆਏ ਸਨ ਤੇ ਜਿਨ੍ਹਾਂ ਤੋਂ ਲੋਕਾਂ ਨੂੰ ਇੱਕ ਨਵੀਂ ਆਸ ਤੇ ਉਮੀਦ ਸੀ, ਨੇ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਹੈ ਅਤੇ ਇੱਥੋਂ ਦੇ ਨਿਵਾਸੀਆਂ ਨੂੰ ਬੇਇੱਜ਼ਤ ਕੀਤਾ ਹੈ। ਇਹ ਸਿਰਫ਼ ਕਿਸੇ ਇੱਕ ਉਮੀਦਵਾਰ ਦੇ ਪਿਤਾ ਦੀ ਗੱਲ ਨਹੀਂ ਹੈ, ਜੇਕਰ ਕਿਸੇ 70 ਸਾਲ ਦੇ ਬਜ਼ੁਰਗ ਬਾਪ ਨੂੰ ਥਾਣੇ ਵਿੱਚ ਬੇਇੱਜ਼ਤ ਕੀਤਾ ਗਿਆ ਹੈ, ਤਾਂ ਉਹ ਸਾਡੇ ਸਾਰਿਆਂ ਦੇ ਬਾਪ ਦੀ ਬੇਇੱਜ਼ਤੀ ਹੈ। ਅਸੀਂ ਇਸ ਗੁੰਡਾਗਰਦੀ ਅਤੇ ਗੈਂਗਸਟਰਵਾਦ ਦੇ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਆਰ-ਪਾਰ ਦੀ ਲੜਾਈ ਲੜਾਂਗੇ।