ਸੀਐੱਮ ਯੋਗਸ਼ਾਲਾ ਪ੍ਰਾਜੈਕਟ ਲੋਕਾਂ ਲਈ ਬਣਿਆ ਵਰਦਾਨ : ਮੀਤ ਹੇਅਰ
ਸੀ ਐਮ ਯੋਗਸ਼ਾਲਾ ਪ੍ਰੋਜੈਕਟ ਲੋਕਾਂ ਲਈ ਬਣਿਆ ਵਰਦਾਨ: ਮੀਤ ਹੇਅਰ
Publish Date: Sat, 25 Apr 2026 03:54 PM (IST)
Updated Date: Sun, 26 Apr 2026 04:02 AM (IST)

ਪਿੰਡ ਅਮਲਾ ਸਿੰਘ ਵਾਲਾ ਦੀ 73 ਸਾਲਾ ਗੁਰਮੇਲ ਕੌਰ ਬਣੀ ਮਿਸਾਲ, ਰੋਜ਼ਾਨਾ ਕਰਦੀ ਹੈ ਯੋਗ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ “ਸੀਐੱਮ ਦੀ ਯੋਗਸ਼ਾਲਾ” ਪ੍ਰਾਜੈਕਟ ਅਧੀਨ ਚਲਾਈਆਂ ਜਾ ਰਹੀਆਂ ਯੋਗ ਕਲਾਸਾਂ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਜ਼ਿਲ੍ਹਾ ਬਰਨਾਲਾ ’ਚ 264 ਯੋਗ ਕਲਾਸਾਂ ਸਵੇਰੇ-ਸ਼ਾਮ ਬਰਨਾਲਾ ਸ਼ਹਿਰ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ, ਸਬ-ਤਹਿਸੀਲਾਂ, ਬਲਾਕਾਂ ਤੇ ਪਿੰਡਾਂ ’ਚ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ 173 ਯੋਗ ਕਲਾਸਾਂ ਪਿੰਡਾਂ ’ਚ ਹੀ ਚੱਲ ਰਹੀਆਂ ਹਨ, ਜਿਨ੍ਹਾਂ ’ਚ 9126 ਵਿਅਕਤੀ ਰੋਜ਼ਾਨਾ ਯੋਗ ਕਰਕੇ ਸਿਹਤਯਾਬ ਜੀਵਨਸ਼ੈਲੀ ਆਪਣਾ ਰਹੇ ਹਨ। ਇਹ ਯੋਗ ਕਲਾਸਾਂ ਸਾਂਝੀਆਂ ਥਾਵਾਂ ਜਿਵੇਂ ਪਬਲਿਕ ਪਾਰਕ, ਧਰਮਸ਼ਾਲਾ ਆਦਿ ’ਚ ਲੱਗ ਰਹੀਆਂ ਹਨ। ਇਨ੍ਹਾਂ ਯੋਗ ਕਲਾਸਾਂ ਦਾ ਸਮਾਂ ਲੋਕਾਂ ਦੀ ਸਹੂਲਤ ਮੁਤਾਬਿਕ ਹੀ ਰੱਖਿਆ ਗਿਆ ਹੈ। ਇਨ੍ਹਾਂ ਕਲਾਸਾਂ ’ਚ ਬੱਚੇ, ਨੌਜਵਾਨ, ਔਰਤਾਂ ਤੇ ਖਾਸ ਕਰਕੇ ਬਜ਼ੁਰਗ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਤੇ ਸਿਹਤਯਾਬ ਹੋ ਰਹੇ ਹਨ। ਇਸ ਮੌਕੇ ਪਿੰਡ ਅਮਲਾ ਸਿੰਘ ਵਾਲਾ ਦੀ 73 ਸਾਲਾ ਗੁਰਮੇਲ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਆਪਣੇ ਪਿੰਡ ’ਚ ਯੋਗ ਕਲਾਸ ਲਾਉਂਦੀ ਹੈ ਤੇ ਕਰੀਬ 11 ਮਹੀਨਿਆਂ ਤੋਂ ਜਦੋਂ ਤੋਂ ਕਲਾਸ ਸ਼ੁਰੂ ਹੋਈ ਹੈ, ਉਹ ਰੋਜ਼ਾਨਾ ਯੋਗ ਕਰਦੀ ਹੈ। ਪਹਿਲਾਂ ਉਸਨੂੰ ਘਰ ਤੋਂ ਯੋਗ ਕਲਾਸ ਤਕ ਆਉਣਾ ਔਖਾ ਲਗਦਾ ਸੀ ਪਰ ਹੁਣ ਉਸਦੀ ਸਿਹਤ ਬਿਲਕੁਲ ਠੀਕ ਰਹਿੰਦੀ ਹੈ। ਇਸੇ ਤਰ੍ਹਾਂ ਅਮਲਾ ਸਿੰਘ ਵਾਲਾ ਦੀ 65 ਸਾਲਾ ਅੰਗਰੇਜ਼ ਕੌਰ ਨੇ ਦੱਸਿਆ ਕਿ ਉਹ ਵੀ ਮੁਫ਼ਤ ਯੋਗ ਕਲਾਸਾਂ ਲਗਾ ਰਹੀ ਹੈ ਤੇ ਸਿਹਤ ਪੱਖੋਂ ਓਸਨੂੰ ਚੰਗਾ ਮਹਿਸੂਸ ਹੁੰਦਾ ਹੈ। ਪਿੰਡ ਬਦਰਾ ਦੀ 60 ਸਾਲਾ ਚਰਨਜੀਤ ਕੌਰ ਨੇ ਦੱਸਿਆ ਕਿ ਉਸਦੇ ਪਿੰਡ ਵੀ ਰੋਜ਼ਾਨਾ ਕਲਾਸਾਂ ਲਗਦੀਆਂ ਹਨ ਤੇ ਉਹ ਰੋਜ਼ਾਨਾ ਯੋਗ ਕਰਦੀ ਹੈ। ਬਲਜੀਤ ਕੌਰ ਕਾਹਨੇਕੇ (72 ਸਾਲ) ਨੇ ਦੱਸਿਆ ਕਿ ਉਹਦੇ ਪਿੰਡ ’ਚ ਰੋਜ਼ਾਨਾ ਕਲਾਸਾਂ ਲੱਗ ਰਹੀਆਂ ਹਨ ਤੇ ਓਹ ਰੋਜ਼ ਯੋਗ ਕਰਦੀ ਹੈ। :ਬਾਕਸ ਨਿਊਜ: ਯੋਗ ਕਲਾਸ ਸ਼ੁਰੂ ਕਰਵਾਉਣ ਲਈ ਇਹ ਹੈ ਪ੍ਰਕਿਰਿਆ ਡੀਸੀ ਬਰਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ/ਨਾਗਰਿਕ ਆਪਣੇ ਮੁਹੱਲੇ/ਗਲੀ/ਪਿੰਡ/ਸ਼ਹਿਰ/ ’ਚ ਕਲਾਸ ਸ਼ੁਰੂ ਕਰਵਾਉਣੀ ਚਾਹੁੰਦਾ ਹੈ ਤਾਂ 76694-00500 ਮੋਬਾਈਲ ਨੰਬਰ ’ਤੇ ਮਿਸ ਕਾਲ ਕਰ ਕੇ ਕਲਾਸ ਸ਼ੁਰੂ ਕਰਵਾ ਸਕਦਾ ਹੈ। ਕਲਾਸ ਸ਼ੁਰੂ ਕਰਨ ਲਈ 25 ਵਿਅਕਤੀਆਂ ਦਾ ਇਕ ਗਰੁੱਪ ਅਤੇ ਕੋਈ ਵੀ ਸਾਂਝਾ ਸਥਾਨ ਪਾਰਕ/ਧਰਮਸ਼ਾਲਾ ਹੋਣਾ ਜ਼ਰੂਰੀ ਹੈ, ਜਿੱਥੇ 25 ਵਿਅਕਤੀ ਯੋਗ ਕਲਾਸ ਲਗਾ ਸਕਣ। ਪ੍ਰਾਜੈਕਟ ਦੀ ਜ਼ਿਲ੍ਹਾ ਕੋਆਰਡੀਨੇਟਰ ਰਸ਼ਪਿੰਦਰ ਕੌਰ ਬਰਾੜ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਯੋਗ ਕਲਾਸ ’ਚ ਪਹੁੰਚ ਕੇ ਇਸ ਮੁਫ਼ਤ ਸੇਵਾ ਦਾ ਲਾਭ ਲੈਣ।