CM ਮਾਨ ਦੇ ਚਚੇਰੇ ਭਰਾ ਨੇ ਹੜ੍ਹਾਂ ਨੂੰ ਲੈ ਕੇ ਸੂਬਾ ਸਰਕਾਰ 'ਤੇ ਚੁੱਕੇ ਸਵਾਲ, ਕਿਹਾ- ਨਾਲਿਆਂ ਦੀ ਸਫ਼ਾਈ ਲਈ ਜਾਰੀ ਢਾਈ ਸੌ ਕਰੋੜ ਰੁਪਏ ਕਿੱਥੇ ਗਏ?
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਚੇਰੇ ਅਤੇ ਮਾਸੀ ਦੇ ਪੁੱਤਰ (ਭਰਾ) ਗਿਆਨ ਸਿੰਘ ਮਾਨ ਨੇ ਇੰਟਰਨੈੱਟ ਮੀਡੀਆ ਰਾਹੀਂ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਸਾਂਝੀ ਕਰਦਿਆਂ ਸੂਬਾ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ ਕਿ ਸਰਕਾਰ ਵੱਲੋਂ ਬਰਸਾਤੀ ਨਾਲਿਆਂ ਦੀ ਸਫ਼ਾਈ ਲਈ ਜਾਰੀ ਕੀਤਾ ਢਾਈ ਸੌ ਕਰੋੜ ਰੁਪਿਆ ਕਿੱਥੇ ਹੈ ?
Publish Date: Sun, 07 Sep 2025 01:46 PM (IST)
Updated Date: Sun, 07 Sep 2025 01:52 PM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਚੇਰੇ ਅਤੇ ਮਾਸੀ ਦੇ ਪੁੱਤਰ (ਭਰਾ) ਗਿਆਨ ਸਿੰਘ ਮਾਨ ਨੇ ਇੰਟਰਨੈੱਟ ਮੀਡੀਆ ਰਾਹੀਂ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਸਾਂਝੀ ਕਰਦਿਆਂ ਸੂਬਾ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ ਕਿ ਸਰਕਾਰ ਵੱਲੋਂ ਬਰਸਾਤੀ ਨਾਲਿਆਂ ਦੀ ਸਫ਼ਾਈ ਲਈ ਜਾਰੀ ਕੀਤਾ ਢਾਈ ਸੌ ਕਰੋੜ ਰੁਪਿਆ ਕਿੱਥੇ ਹੈ ?
ਗਿਆਨ ਸਿੰਘ ਮਾਨ ਨੇ ਪੋਸਟ ਵਿੱਚ ਲਿਖਿਆ ਹੈ ਕਿ ਬਰਸਾਤੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕਾਂ ਦੇ ਘਰਾਂ, ਦੁਕਾਨਾਂ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਕੰਮ ਲਈ ਰਿਲੀਜ਼ ਹੋਏ ਢਾਈ ਸੌ ਕਰੋੜ ਤੋਂ ਵੀ ਵੱਧ ਰੁਪਏ ਕਿੱਥੇ ਗਾਇਬ ਹੋ ਗਏ, ਜਿਸ ਵਿਚੋਂ ਚਾਲੀ ਲੱਖ ਰੁਪਏ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਹਲਕੇ ਲਹਿਰਾ ਲਈ ਵੀ ਰਿਲੀਜ਼ ਹੋਏ। ਸਫ਼ਾਈ ਨਾਲਿਆਂ ਦੀ ਹੋਈ ਜਾਂ ਢਾਈ ਸੌ ਕਰੋੜ ਰੁਪਏ ਦੀ, ਸਰਕਾਰ ਇਸ ਦੀ ਜਾਂਚ ਕਰਵਾ ਕੇ ਕਸੂਰਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ 'ਤੇ ਸਖ਼ਤ ਕਾਰਵਾਈ ਕਰੇ।
ਮੁੱਖ ਮੰਤਰੀ ਦੇ ਭਰਾ ਗਿਆਨ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਇੱਕ ਪੋਸਟ ਨੇ ਰਾਜਨੀਤਿਕ ਹਲਕਿਆਂ ਵਿੱਚ ਵੀ ਚਰਚਾ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਦੇ ਭਰਾ ਨੇ ਹੜ੍ਹਾਂ ਨਾਲ ਸਬੰਧਤ ਵਿਭਾਗ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਘੁਟਾਲੇ ਦੀ ਸੰਭਾਵਨਾ ਵੱਲ ਇਸ਼ਾਰਾ ਕੀਤਾ ਹੈ। ਸਿਆਸੀ ਮਾਹਿਰ ਮੁੱਖ ਮੰਤਰੀ ਦੇ ਭਰਾ ਵੱਲੋਂ ਪਾਈ ਪੋਸਟ ਦੇ ਡੂੰਘੇ ਰਾਜਨੀਤਕ ਅਰਥ ਕੱਢ ਰਹੇ ਹਨ। ਉਨ੍ਹਾਂ ਵੱਲੋਂ ਇਹ ਪੋਸਟ ਉਸ ਸਮੇਂ ਸਾਂਝੀ ਕੀਤੀ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਰੇ ਇਲਾਜ਼ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੋਣ।
ਦੱਸ ਦੇਈਏ ਗਿਆਨ ਸਿੰਘ ਮਾਨ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਵਿਚਲੇ ਦੌਰਿਆਂ ਦੌਰਾਨ ਅਕਸਰ ਉਨ੍ਹਾਂ ਦੇ ਨਾਲ ਰਹਿੰਦੇ ਹਨ। ਗਿਆਨ ਸਿੰਘ ਮਾਨ ਦੀ ਇਹ ਪੋਸਟ ਕੀ ਸੰਕੇਤ ਦੇ ਰਹੀ ਹੈ ਕਿ ਮੁੱਖ ਮੰਤਰੀ ਖੁਦ ਵੀ ਇਸ ਪੂਰੀ ਘਟਨਾ ਤੋਂ ਨਾਰਾਜ਼ ਹੋਣਗੇ ਜਾਂ ਫਿਰ ਇਸਦੇ ਪਿੱਛੇ ਕੋਈ ਹੋਰ ਰਾਜ ਛੁਪਿਆ ਹੋਇਆ ਹੈ।