ਖੂ਼ਨ ਖੇਡ ’ਚ ਬਦਲੀ ਚੋਣ, ਵਾਰਡ-15 ’ਚ ‘ਆਪ’ ਤੇ ਭਾਜਪਾ ਵਿਚਾਲੇ ਝੜਪ
ਵਾਰਡ ਨੰਬਰ 15 ’ਚ ਆਮ ਆਦਮੀ ਪਾਰਟੀ ਤੇ ਭਾਜਪਾ ’ਚ ਹੋਈ ਝੜਪ, ਖੂਨ ਦੀ ਖੇਡ ’ਚ ਬਦਲੀ
Publish Date: Tue, 26 May 2026 06:39 PM (IST)
Updated Date: Wed, 27 May 2026 04:05 AM (IST)

* ਸੀਨੀਅਰ ਭਾਜਪਾ ਆਗੂ ਦਾ ਪਾੜਿਆ ਸਿਰ, ਹਸਪਤਾਲ ’ਚ ਦਾਖ਼ਲ * ਜਸਵੀਰ ਗੱਖੀ ਨੇ ਜਾਅਲੀ ਵੋਟਾਂ ਪਾਉਣ ਦਾ ਲਾਇਆ ਦੋਸ਼ ਕੈਪਸ਼ਨ:ਹਸਪਤਾਲ ’ਚ ਦਾਖਲ ਸੀਨੀਅਰ ਭਾਜਪਾ ਆਗੂ ਜਸਵੀਰ ਸਿੰਘ ਗੱਖੀ। 2.ਸੀਨੀਅਰ ਭਾਜਪਾ ਆਗੂ ਜਸਵੀਰ ਸਿੰਘ ਗੱਖੀ ਆਪਣੇ ਉਪਰ ਹੋਏ ਹਮਲੇ ਬਾਰੇ ਦੱਸਦੇ ਹੋਏ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਬਰਨਾਲਾ ਦੇ ਵਾਰਡ ਨੰਬਰ 15 ’ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਭਾਜਪਾ ਉਮੀਦਵਾਰ ਦੀਪਿੰਦਰ ਕੌਰ ਦੇ ਪਤੀ ਤੇ ਸੀਨੀਅਰ ਭਾਜਪਾ ਆਗੂ ਜਸਵੀਰ ਸਿੰਘ ਗੱਖੀ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜ਼ਖ਼ਮੀ ਆਗੂ ਦਾ ਦੋਸ਼ ਹੈ ਕਿ ਵਿਰੋਧੀ ਪਾਰਟੀਆਂ ਦੇ ਗੁੰਡਿਆਂ ਨੇ ਉਨ੍ਹਾਂ ਤੇ ਇਹ ਹਮਲਾ ਕੀਤਾ, ਜਿਸ ’ਚ ਉਨ੍ਹਾਂ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਹਮਲੇ ਦੌਰਾਨ ਉਨ੍ਹਾਂ ਦੀ ਪੱਗ ਵੀ ਲੱਥ ਗਈ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਸਵੀਰ ਸਿੰਘ ਨੇ ਸਿੱਧਾ ਦੋਸ਼ ਲਾਇਆ ਹੈ ਕਿ ‘ਆਪ’ ਵਰਕਰਾਂ ਵੱਲੋਂ ਉਨ੍ਹਾਂ ਤੇ ਇਹ ਹਮਲਾ ਕੀਤਾ ਗਿਆ ਹੈ। ਇਸ ਮੌਕੇ ਭਾਜਪਾ ਉਮੀਦਵਾਰ ਦੇ ਪਤੀ ਜਸਵੀਰ ਸਿੰਘ ਨੇ ਦੱਸਿਆ ਕਿ ਉਹ 15 ਨੰਬਰ ਵਾਰਡ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਅੱਜ ਉਨ੍ਹਾਂ ਦੇ ਵਾਰਡ ’ਚ ਸਵੇਰ ਤੋਂ ਹੀ ਆਮ ਆਦਮੀ ਪਾਰਟੀ ਨਾਲ ਸਬੰਧਤ ਬਾਹਰੀ ਲੋਕ ਘੁੰਮ ਫਿਰ ਰਹੇ ਸਨ, ਜਿਨ੍ਹਾਂ ਬਾਰੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਾਇਆ, ਪਰ ਕੋਈ ਸੁਣਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਬਾਹਰੀ ਲੋਕਾਂ ਵੱਲੋਂ ਵਾਰਡ ’ਚ ਜਾਅਲੀ ਵੋਟਾਂ ਪਾਈਆਂ ਜਾ ਰਹੀਆਂ ਸਨ, ਜਿਸ ਨੂੰ ਰੋਕੇ ਜਾਣ ’ਤੇ ਉਨ੍ਹਾਂ ਵੱਲੋਂ ਉਸ ਉਪਰ ਹਮਲਾ ਕਰ ਦਿੱਤਾ ਗਿਆ, ਪੱਗ ਲਾ ਦਿੱਤੀ ਗਈ ਤੇ ਉਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਸੱਟਾਂ ਮਾਰੀਆਂ ਗਈਆਂ ਹਨ। ਜਦਕਿ ਚੋਣ ਲੜ ਰਹੀ ਉਸ ਦੀ ਪਤਨੀ ਭਾਜਪਾ ਉਮੀਦਵਾਰ ਦੀਪਇੰਦਰ ਕੌਰ ਤੇ ਹੋਰ ਲੋਕਾਂ ਨੂੰ ਵੀ ਧੱਕੇ ਮਾਰੇ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼ਰੇਆਮ ਧੱਕੇਸ਼ਾਹੀ ਉੱਪਰ ਉੱਤਰ ਆਈ ਹੈ, ਵੋਟਾਂ ’ਚ ਸ਼ਰੇਆਮ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਹਨ ਅਤੇ ਚੋਣ ਕਮਿਸ਼ਨ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।