15 ਕੁਇੰਟਲ ਭੁੱਕੀ ਸਣੇ 2 ਗ੍ਰਿਫ਼ਤਾਰ, 14 ਟਾਇਰੇ ਟਰਾਲਾ ਵੀ ਫੜਿਆ
ਸੀਆਈਏ ਵਾਲੇ ਬਲਜੀਤ ਨੇ 60 ਬੋਰੀਆਂ ਪੋਸਤ ਸਣੇ ਟਰੱਕ ਦੋ ਫੜੇ
Publish Date: Thu, 21 May 2026 06:19 PM (IST)
Updated Date: Fri, 22 May 2026 04:11 AM (IST)

ਸੁੱਕੀਆਂ ਦਾਲਾਂ ਦੇ 1 ਹਜ਼ਾਰ ਗੱਟੇ ਹੇਠ ਲੁਕਾ ਕੇ ਰੱਖੀ ਸੀ ਚੋਣ ਜਾਬਤੇ ’ਚ ਬਰਨਾਲਾ ਪੁਲਿਸ ਦੀ ਵੱਡੀ ਕਾਰਗੁਜਾਰੀ : ਡੀਐੱਸਪੀ ਡੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਸ਼ਾ ਤਸਕਰ ਭਾਵੇਂ ਪੁਲਿਸ ਨਾਲ ਅੱਖ ਮਚੋਲੀ ਖੇਡ ਸੁੱਕੀਆਂ ਦਾਲਾਂ ਹੇਠ ਨਸ਼ੇ ਦੀ ਸਪਲਾਈ ਕਰਦੇ ਹੋਣ ਪਰ ਬਰਨਾਲਾ ਪੁਲਿਸ ਦੇ ਇੰਸਪੈਕਟਰ ਬਲਜੀਤ ਸਿੰਘ ਸੀਆਈਏ ਇੰਚਾਰਜ਼ ਦੇ ਮੁਖਬਰ ਵੀ ਕੱਚੀ ਸੂਹ ਨਹੀਂ ਦਿੰਦੇ, ਤੇ ਸੂਹ ਮਿਲਣ ’ਤੇ ਨਸ਼ਾ ਤਸਕਰ ਬਾਰਡਰ ਟੱਪ ਜਾਣ ਇਹ ਵੀ ਹੋ ਨਹੀਂ ਸਕਦਾ। ਅਜਿਹੀ ਹੀ ਘਟਨਾ ਦਾ ਖੁਲਾਸਾ ਬਰਨਾਲਾ ਜ਼ਿਲ੍ਹਾ ਪੁਲਿਸ ਮੁਖੀ ਆਈਪੀਐੱਸ ਮੁਹੰਮਦ ਸਰਫ਼ਰਾਜ ਆਲਮ ਦੀ ਅਗਵਾਈ ’ਚ ਉੱਪ ਕਪਤਾਨ ਪੁਲਿਸ ਰਜਿੰਦਰ ਪਾਲ ਨੇ ਵੀਰਵਾਰ ਬਾਅਦ ਦੁਪਹਿਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੁੱਕੀਆਂ ਦਾਲਾਂ ਦੇ 1 ਹਜ਼ਾਰ ਗੱਟੇ ਹੇਠ 60 ਬੋਰੀਆਂ ਚੂਰਾ ਪੋਸਤ ਭੁੱਕੀ ਦੇ ਲੱਦ ਕੇ ਇੱਕ 14 ਟਾਇਰੇ ਟਰਾਲੇ ਸਣੇ 2 ਨੂੰ ਗ੍ਰਿਫ਼ਤਾਰ ਕਰਨ ’ਚ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ 15 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰਾਮਦ ਕੀਤੇ ਗਏ ਇਸ ਨਸ਼ੀਲੇ ਪਦਾਰਥ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ ਕਰੀਬ 75 ਲੱਖ ਰੁਪਏ ਦੱਸੀ ਜਾ ਰਹੀ ਹੈ। ਬਰਨਾਲਾ ਦੇ ਡੀਐੱਸਪੀ (ਡੀ) ਰਜਿੰਦਰ ਪਾਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਬਾਹਰਲੇ ਸੂਬਿਆਂ ਤੋਂ ਟਰੱਕ ’ਚ ਭਾਰੀ ਮਾਤਰਾ ’ਚ ਭੁੱਕੀ (ਚੂਰਾ ਪੋਸਤ) ਲਿਆ ਕੇ ਪੰਜਾਬ ’ਚ ਵੇਚਣ ਦਾ ਧੰਦਾ ਕਰਦੇ ਹਨ। ਇਸ ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ’ਚ ਪੁਲਿਸ ਟੀਮ ਵੱਲੋਂ ਹੰਡਿਆਇਆ ਚੌਕ ਨੇੜੇ ਨਾਕਾਬੰਦੀ ਕੀਤੀ ਗਈ। ਇੱਥੇ ਚੈਕਿੰਗ ਦੌਰਾਨ ਇੱਕ 14 ਟਾਇਰੀ ਟਰੱਕ (ਨੰਬਰ ਪੀਬੀ-46-ਐਮ-9409) ਨੂੰ ਰੋਕਿਆ ਗਿਆ, ਜਿਸ ’ਚੋਂ 60 ਬੋਰੀਆਂ ਭੁੱਕੀ ਚੂਰਾ ਪੋਸਤ (ਕੁੱਲ 15 ਕੁਇੰਟਲ) ਬਰਾਮਦ ਹੋਈ। ਪੁਲਿਸ ਨੇ ਮੌਕੇ ’ਤੇ ਹੀ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਜਿੰਦਾ ਪੁੱਤਰ ਹਰਵਿੰਦਰ ਸਿੰਘ, ਵਾਸੀ ਧਰਮਕੋਟ (ਮੋਗਾ) ਤੇ ਸੁਖਦੇਵ ਸਿੰਘ ਉਰਫ਼ ਸੁਖਚੈਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕੁੱਸੇ (ਲੁਧਿਆਣਾ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਰਿਕਾਰਡ ਅਨੁਸਾਰ, ਮੁਲਜ਼ਮ ਬਲਜਿੰਦਰ ਸਿੰਘ ਉਰਫ਼ ਜਿੰਦਾ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਤੇ ਕਤਲ ਵਰਗੇ ਗੰਭੀਰ ਮਾਮਲੇ ਦਰਜ ਹਨ। ਉਸ ਤੇ ਸਾਲ 2011 ਤੇ 2015 ’ਚ ਐੱਨ ਡੀ ਪੀ ਐੱਸ ਐਕਟ ਤੇ 2014 ’ਚ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਏ ਸਨ, ਜਦਕਿ ਦੂਜੇ ਮੁਲਜ਼ਮ ਸੁਖਦੇਵ ਸਿੰਘ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਥਾਣਾ ਸਿਟੀ ਬਰਨਾਲਾ ਵਿਖੇ ਮੁਲਜ਼ਮਾਂ ਖ਼ਿਲਾਫ਼ ਐੱਨ ਡੀ ਪੀ ਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਦੋਵੇਂ ਜਣਿਆਂ ਨੂੰ ਬਰਾਮਦ ਕੀਤੇ ਗਏ ਭੁੱਕੀ ਚੂਰਾ ਪੋਸਤ ਤੇ ਟਰੱਕ ਸਣੇ ਮਾਨਯੋਗ ਅਦਾਲਤ ’ਚ ਪੇਸ ਕੀਤਾ ਜਾਵੇਗਾ, ਜਿੱਥੋ ਉਨ੍ਹਾਂ ਦਾ ਰਿਮਾਂਡ ਲੈ ਕੇ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜਿਸ ਤਹਿਤ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।