ਈਸਾਈ ਭਾਈਚਾਰੇ ਨੇ ਸਾੜਿਆ ਅਮਿਤ ਸ਼ਾਹ ਦਾ ਪੁਤਲਾ
ਈਸਾਈ ਭਾਈਚਾਰੇ ਨੇ ਸਾੜਿਆ ਅਮਿਤ ਸ਼ਾਹ ਦਾ ਪੁਤਲਾ
Publish Date: Wed, 25 Mar 2026 06:03 PM (IST)
Updated Date: Wed, 25 Mar 2026 06:05 PM (IST)

- ਡੀਸੀ ਦਫ਼ਤਰ ਤੱਕ ਕੀਤਾ ਰੋਸ ਮਾਰਚ ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਧਰਮ ਪਰਿਵਰਤਨ ਬਿਲ ਬਾਰੇ ਦਿੱਤੇ ਬਿਆਨ ਤੋ ਭੜਕੇ ਈਸਾਈ ਭਾਈਚਾਰੇ ਨੇ ਬੁੱਧਵਾਰ ਨੂੰ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਕੇਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਡੀਸੀ ਦਫਤਰ ਤੱਕ ਰੋਸ ਮਾਰਚ ਕੀਤਾ ਅਤੇ ਅਮਿਤ ਸ਼ਾਹ ਦਾ ਪੁਤਲਾ ਸਾੜ ਕੇ ਆਪਣੇ ਰੋਸ ਦਾ ਇਜਹਾਰ ਕੀਤਾ। ਇਸ ਮੌਕੇ ਈਸਾਈ ਭਾਈਚਾਰੇ ਦੇ ਆਗੂਆਂ ਪਾਸਟਰ ਸਾਹਿਲ, ਪਾਸਟਰ ਥੋਮਸ ਅਤੇ ਸੈਮ ਪੋਲ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਗਾ ਵਿੱਚ ਹੋਈ ਰੈਲੀ ਦੌਰਾਨ ਧਰਮ ਪਰਿਵਰਤਨ ਵਿਰੋਧੀ ਬਿਲ ਬਾਰੇ ਦਿੱਤੇ ਬਿਆਨ ਗੈਰ ਜ਼ਿੰਮੇਵਾਰਾਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਸਾਰਿਆਂ ਵਿੱਚ ਭਾਈਚਾਰਾ ਮਜ਼ਬੂਤ ਹੈ। ਇੱਥੇ ਕਿਸੇ ਵੀ ਧਰਮ ਨੂੰ ਲੈ ਕੇ ਕੋਈ ਵੈਰ ਵਿਰੋਧ ਨਹੀ ਹੈ। ਪਰ ਦੇਸ਼ ਦੇ ਗ੍ਰਹਿ ਮੰਤਰੀ ਵੱਲੋ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਸਪੱਸ਼ਟ ਹੈ ਕਿ ਸਿਆਸਤ ਧਾਰਮਿਕ ਵੰਡਾਂ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਚੱਲੇਗੀ ਅਤੇ ਅਜਿਹੇ ਰਾਜਨੀਤਿਕ ਲੋਕਾਂ ਨੂੰ ਪੰਜਾਬ ਦੇ ਬਸ਼ਿੰਦੇ ਕਦੇ ਮੂੰਹ ਨਹੀਂ ਲਾਉਣਗੇ। ਪੰਜਾਬ ਉਨ੍ਹਾਂ ਲੋਕਾਂ ਦਾ ਸਵਾਗਤ ਕਰਦਾ ਹੈ ਜੋ ਇਕਜੁਟਤਾ ਦੀ ਗੱਲ ਕਰਦੇ ਹਨ, ਪਰ ਲੋਕਾਂ ਨੂੰ ਆਪਸ ਵਿੱਚ ਵੰਡਣ ਵਾਲੀ ਸਿਆਸਤ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਰਕੇਸ਼ ਕੁਮਾਰ, ਸੁਖਚੈਨ ਸਿੰਘ, ਗੁਰਸੇਵਕ ਸਿੰਘ, ਭੋਲਾ ਸਿੰਘ, ਕੁਲਦੀਪ ਸਿੰਘ, ਪਰਗਟ ਸਿੰਘ, ਵਿਜੇ ਕੁਮਾਰ, ਦੀਪਕ ਆਦਿ ਮੌਜੂਦ ਸਨ।