ਵਾਤਾਵਰਣ ਬਚਾਉਣ ਲਈ ਬੱਚਿਆਂ ਨੂੰ ਕੀਤਾ ਜਾਗਰੂਕ
ਵਾਤਾਵਰਨ ਬਚਾਉਣ ਲਈ ਬੱਚਿਆਂ ਨੂੰ ਕੀਤਾ ਜਾਗਰੂਕ
Publish Date: Wed, 20 May 2026 04:41 PM (IST)
Updated Date: Wed, 20 May 2026 04:43 PM (IST)
- ਸੁਨਾਮ ਕਾਲਜ ’ਚ ਲੇਖ ਮੁਕਾਬਲੇ ਕਰਵਾਏ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਹੇਠ ਈਕੋ ਕਲੱਬ ਦੁਆਰਾ ਵਾਤਾਵਰਣ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ "ਜਲਵਾਯੂ ਪਰਿਵਰਤਨ ਨੂੰ ਰੋਕਣ ਵਿੱਚ ਨੌਜਵਾਨਾਂ ਦੀ ਭੂਮਿਕਾ" ਵਿਸ਼ੇ ਉੱਪਰ ਲੇਖ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਦੋ ਦਰਜਨ ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਬੀਏ ਭਾਗ ਦੂਜਾ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ ਪਹਿਲਾ, ਐੱਮਏ ਭਾਗ ਦੂਜਾ ਦੀ ਵਿਦਿਆਰਥਣ ਸਿਮਰਨ ਕੌਰ ਨੇ ਦੂਜਾ ਅਤੇ ਬੀਏ ਭਾਗ ਦੂਜਾ ਦੀ ਵਿਦਿਆਰਥਣ ਕੁਲਵਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਅਚਲਾ ਨੇ ਬੱਚਿਆਂ ਨੂੰ ਇਨਾਮ ਵੰਡ ਕੇ ਹੌਸਲਾ ਅਫਜ਼ਾਈ ਕੀਤੀ ਅਤੇ ਨਾਲ ਹੀ ਵਾਤਾਵਰਣ ਵਿੱਚ ਆ ਰਹੀਆਂ ਤਬਦੀਲੀਆਂ ਤੋਂ ਜਾਣੂ ਕਰਵਾਇਆ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਵੀ ਜਾਗਰੂਕ ਕੀਤਾ।
ਈਕੋ ਕਲੱਬ ਦੇ ਕਨਵੀਨਰ ਸੁਮਨਦੀਪ ਕੌਰ ਨੇ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਵਧਦੇ ਤਾਪਮਾਨ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਬਾਰੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਹਨਾਂ ਮੁਕਾਬਲਿਆਂ ਵਿੱਚ ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ.ਸੁਖਚੈਨ ਸਿੰਘ ਅਤੇ ਪ੍ਰੋ.ਰਜਨੀ ਹਰਜਾਈ ਨੇ ਜੱਜ ਦੀ ਭੂਮਿਕਾ ਨਿਭਾਈ। ਈਕੋ ਕਲੱਬ ਦੇ ਮੈਂਬਰ ਪ੍ਰੋ. ਸੰਦੀਪ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਦਾ ਧੰਨਵਾਦ ਕੀਤਾ। ਈਕੋ ਕਲੱਬ ਦੁਆਰਾ ਕਾਲਜ ਵਿੱਚ ਵੱਖ-ਵੱਖ ਥਾਵਾਂ ਤੇ ਬੂਟੇ ਲਗਾਏ ਗਏ ਅਤੇ ਵਧਦੇ ਹੋਏ ਤਾਪਮਾਨ ਨੂੰ ਦੇਖਦੇ ਹੋਏ ਪੰਛੀਆਂ ਦੇ ਲਈ ਆਲ੍ਹਣੇ ਟੰਗੇ ਗਏ। ਇਸ ਮੌਕੇ ਸੁਖਵਿੰਦਰ ਸਿੰਘ, ਗੁਰਮੁਖ ਸਿੰਘ ਵੀ ਹਾਜ਼ਰ ਸਨ।