ਆਨਲਾਈਨ ਦਵਾਈਆਂ ਦੀ ਵਿਕਰੀ ਖ਼ਿਲਾਫ਼ ਕੈਮਿਸਟਾਂ ਦੀ ਹੜਤਾਲ, ਸੰਗਰੂਰ ਜ਼ਿਲ੍ਹਾ ਮੁਕੰਮਲ ਬੰਦ

- ਡੀਸੀ ਨੂੰ ਸੌਂਪਿਆ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ, ਬੇਮਿਆਦੀ ਹੜਤਾਲ ਦੀ ਚਿਤਾਵਨੀ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਇੰਟਰਨੈੱਟ ਅਤੇ ਕਾਰਪੋਰੇਟ ਕੰਪਨੀਆਂ ਵੱਲੋਂ ਬਿਨਾਂ ਕਿਸੇ ਪੱਕੇ ਨਿਯਮ ਕਾਨੂੰਨ ਦੇ ਧੜੱਲੇ ਨਾਲ ਆਨਲਾਈਨ ਦਵਾਈਆਂ ਵੇਚਣ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਸੰਗਰੂਰ ਜ਼ਿਲ੍ਹੇ ਦੇ ਦਵਾਈ ਕਾਰੋਬਾਰੀਆਂ ਨੇ ਮੁਕੰਮਲ ਹੜਤਾਲ ਕੀਤੀ। ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਦੇ ਸੱਦੇ ’ਤੇ ਜ਼ਿਲ੍ਹਾ ਸੰਗਰੂਰ ਕੈਮਿਸਟ ਐਸੋਸੀਏਸ਼ਨ ਦੀ ਅਗਵਾਈ ਹੇਠ ਜ਼ਿਲ੍ਹਾ ਮੁੱਖ ਦਫ਼ਤਰ ਸਮੇਤ ਸਾਰੇ ਕਸਬਿਆਂ ਵਿੱਚ ਦਵਾਈਆਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ, ਜਿਸ ਕਾਰਨ ਕਰੋੜਾਂ ਰੁਪਏ ਦਾ ਦਵਾਈ ਵਪਾਰ ਠੱਪ ਰਿਹਾ। ਇਸ ਦੌਰਾਨ ਐਸੋਸੀਏਸ਼ਨ ਦਾ ਇੱਕ ਪ੍ਰਤੀਨਿਧੀ ਮੰਡਲ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਅਤੇ ਜ਼ਿਲ੍ਹਾ ਸਕੱਤਰ ਰਾਜੀਵ ਜੈਨ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਮੰਗ ਪੱਤਰ ਸੌਂਪਿਆ। ਕੈਮਿਸਟਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਗੈਰ ਕਾਨੂੰਨੀ ਆਨਲਾਈਨ ਫਾਰਮੇਸੀਆਂ ਅਤੇ ਕਵਿਕ ਕਾਮਰਸ ਕੰਪਨੀਆਂ ’ਤੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਦੇਸ਼ ਪੱਧਰੀ ਅਣਮਿਆਦੀ ਹੜਤਾਲ ਕਰਨ ਲਈ ਮਜਬੂਰ ਹੋਣਗੇ।
ਉਨ੍ਹਾਂ ਮੰਗ ਕੀਤੀ ਕਿ ਗੈਰਕਾਨੂੰਨੀ ਆਨਲਾਈਨ ਵਿਕਰੀ ’ਤੇ ਤੁਰੰਤ ਰੋਕ ਲੱਗੇ, ਡਰੱਗਸ ਐਂਡ ਕਾਸਮੈਟਿਕਸ ਐਕਟ ਦੀ ਉਲੰਘਣਾ ਕਰਕੇ ਇੰਟਰਨੈੱਟ ਐਪਸ ਰਾਹੀਂ ਵੇਚੀਆਂ ਜਾ ਰਹੀਆਂ ਦਵਾਈਆਂ ’ਤੇ ਪੂਰੀ ਪਾਬੰਦੀ ਲਾਈ ਜਾਵੇ, ਕੋਰੋਨਾ ਕਾਲ ਦੀ ਐਮਰਜੈਂਸੀ ਵਿਵਸਥਾ ਤਹਿਤ ਜਾਰੀ ਨੋਟੀਫਿਕੇਸ਼ਨ 220 (ਈ) ਅਤੇ 817(ਈ) ਨੂੰ ਤੁਰੰਤ ਰੱਦ ਕੀਤਾ ਜਾਵੇ, ਆਨਲਾਈਨ ਕੰਪਨੀਆਂ ਵੱਲੋਂ ਦਵਾਈਆਂ ’ਤੇ ਦਿੱਤੀਆਂ ਜਾ ਰਹੀਆਂ ਭਾਰੀ ਅਤੇ ਗੈਰ-ਨੈਤਿਕ ਛੋਟਾਂ ’ਤੇ ਰੋਕ ਲੱਗੇ, ਬਿਨਾਂ ਵੈਧ ਡਾਕਟਰੀ ਸਲਾਹ (ਪ੍ਰਿਸਕ੍ਰਿਪਸ਼ਨ) ਤੋਂ ਦਵਾਈਆਂ ਦੀ ਹੋਮ ਡਿਲਿਵਰੀ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਰੇਸ਼ ਜਿੰਦਲ ਨੇ ਕਿਹਾ ਕਿ ਆਨਲਾਈਨ ਕੰਪਨੀਆਂ ਬਿਨਾਂ ਪੱਤਰ ਦੀ ਪੁਸ਼ਟੀ ਕੀਤੇ ਸਿੱਧਾ ਘਰ-ਘਰ ਦਵਾਈਆਂ ਪਹੁੰਚਾ ਰਹੀਆਂ ਹਨ। ਫਰਜ਼ੀ ਈ-ਪ੍ਰਿਸਕ੍ਰਿਪਸ਼ਨ ਦੇ ਸਹਾਰੇ ਨਸ਼ੇ ਦੀਆਂ ਦਵਾਈਆਂ ਨੌਜਵਾਨਾਂ ਤੱਕ ਆਸਾਨੀ ਨਾਲ ਪਹੁੰਚ ਰਹੀਆਂ ਹਨ, ਜੋ ਲੋਕਾਂ ਦੀ ਸਿਹਤ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਨਾਲ ਖਿਲਵਾੜ ਹੈ। ਇਸ ਮੌਕੇ ਸੰਜੇ ਬਾਂਸਲ, ਸਤੀਸ਼ ਕੁਮਾਰ ਦਿੜਬਾ, ਬਲਵਿੰਦਰ ਸਿੰਘ ਬਬਲਾ, ਸੰਜੇ ਭੱਲਾ, ਰਾਜ ਕੁਮਾਰ ਜਿੰਦਲ, ਹਰਦੀਪ ਸਿੰਘ, ਪ੍ਰੇਮ ਕੁਮਾਰ, ਧਰਮਿੰਦਰ, ਸੋਮਨਾਥ ਬਾਂਸਲ, ਗੁਰਵਿੰਦਰ ਸ਼ਰਮਾ, ਕੌਰ ਸਿੰਘ, ਅਮਨਿੰਦਰ ਗੁਪਤਾ, ਸੁਖਦੇਵ ਸਿੰਘ ਨਾਗਰਾ, ਗੁਰਜੰਟ ਸਿੰਘ ਮੌੜਾ, ਅਸ਼ੋਕ ਕੁਮਾਰ ਮੌੜਾਂ, ਦੀਪਕ ਮਿੱਤਲ, ਤਰਲੋਕ ਗੋਇਲ, ਅਜੈਬ ਸਿੰਘ, ਰਾਜੀਵ ਜੈਨ ਆਦਿ ਮੌਜੂਦ ਸਨ।