ਬੱਕਰੀ ਫਾਰਮ ਬਣਾਉਣ ਦਾ ਝਾਂਸਾ ਦੇ ਕੇ 30 ਲੱਖ ਦੀ ਠੱਗੀ ਮਾਰੀ
ਬੱਕਰੀ ਫਾਰਮ ਬਣਾਉਣ ਦਾ ਝਾਂਸਾ ਦੇ ਕੇ 30 ਲੱਖ ਦੀ ਠੱਗੀ ਮਾਰੀ
Publish Date: Tue, 02 Sep 2025 05:15 PM (IST)
Updated Date: Wed, 03 Sep 2025 04:02 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਬੱਕਰੀ ਫਾਰਮ ਬਨਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 30 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੀੜਤ ਵਿਅਕਤੀ ਇਨਸਾਫ ਦੀ ਮੰਗ ਕਰ ਰਿਹਾ ਹੈ। ਕਸਬਾ ਲੌਂਗੋਵਾਲ ਦੇ ਵਾਸੀ ਹਾਕਮ ਸਿੰਘ ਨੇ ਵੱਖ- ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ ) ਦੇ ਜਸਵਿੰਦਰ ਸੋਮਾ ਲੌਂਗੋਵਾਲ, ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਬਲਬੀਰ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ, ਪਿੰਡੀ ਕੈਬੋਵਾਲ ਦੇ ਸਰਪੰਚ ਦਰਸ਼ਨ ਸਿੰਘ ਨਾਲ ਸੀਨੀਅਰ ਪੁਲਿਸ ਕਪਤਾਨ ਸੰਗਰੂਰ ਦੇ ਦਫ]ਤਰ ਜਾ ਕੇ ਆਪਣੇ ਨਾਲ ਹੋਈ 30 ਲੱਖ ਦੀ ਠੱਗੀ ਵਾਰੇ ਦੱਸਦਿਆਂ ਪੁਲਿਸ ਕਾਰਵਾਈ ਲਈ ਦਰਖ਼ਾਸਤ ਦਿੱਤੀ ਗਈ। ਹਾਕਮ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਇਕ ਵਿਅਕਤੀ ਜੋ ਪਟਿਆਲਾ ਤੋਂ ਲੌਂਗੋਵਾਲ ਇਲਾਕੇ ਵਿੱਚ ਇੱਕ ਪ੍ਰਾਈਵੇਟ ਲਿਮਿਟਿਡ ਕੰਪਨੀ ਦੇ ਮਾਲਕ ਹੋਣ ਦਾ ਦਾਅਵਾ ਕਰਕੇ ਲੋਕਾਂ ਵਿੱਚ ਵਿਚਰਦਾ ਹੈ ਅਤੇ ਸਭ ਲੋਕਾਂ ਨੂੰ ਬਿਮਾਰੀਆਂ ਦੀ ਦਵਾਈ ਦੇਣ ਨਾਲ ਬੱਕਰੀਆਂ ਦੇ ਫਾਰਮ ਖੋਲ੍ਹਣ ਦੇ ਕਿੱਤੇ ਨੂੰ ਅਪਣਾ ਕੇ ਵਪਾਰ ਕਰਨ ਲਈ ਵੀ ਪ੍ਰੇਰਿਤ ਕਰਦਾ ਸੀ। ਪਿਛਲੇ ਕਈ ਸਾਲਾਂ ਤੋਂ ਉਹ ਇਲਾਕੇ ਵਿੱਚ ਵਿਚਰਦਾ ਰਿਹਾ ਤੇ ਮੇਰਾ ਭਰੋਸਾ ਜਿੱਤਣ ਵਿੱਚ ਕਾਮਯਾਬ ਹੋ ਕੇ ਮੈਨੂੰ ਬੱਕਰੀਆਂ ਦਾ ਫਾਰਮ ਖੋਲ੍ਹਣ ਲਈ ਰਾਜ਼ੀ ਕਰ ਲਿਆ। ਇਸ ਤਰ੍ਹਾਂ ਉਸਨੇ ਮੇਰੇ ਤੋਂ ਡੇਢ ਲੱਖ ਨਕਦ ਤੇ ਕੁੱਲ 30 ਲੱਖ ਰੁਪਏ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਏ। ਬੱਕਰੀਆਂ ਦੇ ਫਾਰਮ ਬਣਾਉਣ ਲਈ ਉਸ ਵੱਲੋਂ ਜਦੋਂ ਕੋਈ ਦਿਲਚਸਪੀ ਨਾ ਦਿਖਾਈ ਦਿੱਤੀ, ਮੇਰਾ ਫੋਨ ਚੁੱਕਣਾ ਬੰਦ ਹੋ ਗਿਆ ਤਾਂ ਮੈਨੂੰ ਇਸ ਵਿਅਕਤੀ ਤੇ ਸ਼ੱਕ ਪੈਣ ਲੱਗਾ। ਇੱਕ ਮੋਹਤਵਰ ਵਿਅਕਤੀ ਦਰਸ਼ਨ ਸਿੰਘ ਸਰਪੰਚ, ਪਿੰਡੀ ਕੈਬੋਵਾਲ ਨੂੰ ਨਾਲ ਲੈ ਕੇ ਮੈ ਉਸ ਦੇ ਦਿੱਤੇ ਪਤੇ ’ਤੇ ਮਿਲਣ ਗਿਆ। ਪਰ ਉਹ ਨਹੀਂ ਮਿਲਿਆ। ਫੋਨ ਤੇ ਤਾਲਮੇਲ ਕਰਨ ਤੇ ਉਸ ਨੇ ਸਾਫ ਇਹ ਕਹਿ ਕੇ ਫੋਨ ਕੱਟ ਦਿੱਤਾ ਕੇ ਮੈਂ ਤੇਰੇ ਨਾਲ ਠੱਗੀ ਮਾਰਨੀ ਸੀ ਮਾਰ ਲਈ ਹੁਣ ਜੋ ਤੇਰੇ ਤੋਂ ਬਣਦਾ ਉਹ ਕਰ ਲੈ। ਤੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਸਾਡੇ ਪਿੱਛੇ ਫਿਰਦੇ ਰਹਿੰਦੇ ਹਨ। ਇਹ ਸੁਣ ਕੇ ਮੇਰੇ ਪੈਰਾਂ ਹੇਠਲੀ ਜ਼ਮੀਨ ਨਿੱਕਲ ਗਈ। ਬੱਕਰੀਆਂ ਦੇ ਫਾਰਮ ਬਣਾਉਣ ਦੇ ਸੁਪਨੇ ਵਿਚ ਮੇਰੀ ਆਪਣੀ ਕਿਰਤ ਦੀ ਕਮਾਈ ਚਲੀ ਗਈ। ਹਾਕਮ ਸਿੰਘ ਵੱਲੋਂ ਪੁਲਿਸ ਲਾਈਨ ਸੰਗਰੂਰ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਡੈਪੁਟੇਸ਼ਨ ਦੀ ਨੁਮਾਇੰਦਗੀ ਵਿੱਚ ਇਸ ਵਿਅਕਤੀ ਤੇ ਕਾਨੂੰਨਨ ਕਾਰਵਾਈ ਕਰਨ ਦੀ ਦਰਖ਼ਾਸਤ ਦੇ ਕੇ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਬਲਜਿੰਦਰ ਸਿੰਘ, ਕੁਲਵਿੰਦਰ ਸੋਨੀ, ਅਮਰ ਸਿੰਘ ਲੌਂਗੋਵਾਲ, ਤਰਕਸ਼ੀਲ ਸੁਸਾਈਟੀ ਦੇ ਕੇਵਲ ਸਿੰਘ ਆਦਿ ਆਗੂ ਹਾਜ਼ਰ ਸਨ।ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਅਜਿਹੀ ਠੱਗੀ ਦਾ ਸ਼ਿਕਾਰ ਹੋਏ ਹਾਕਮ ਸਿੰਘ ਨਾਲ ਸਾਰੀਆਂ ਭਰਾਤਰੀ ਜਥੇਬੰਦੀਆਂ ਇਨਸਾਫ਼ ਤੱਕ ਖੜਣਗੀਆਂ।