ਮਾਲੀ ਦੀ ਝੌਂਪੜੀ ’ਚੋਂ ਨਕਦੀ ਤੇ ਮੋਬਾਈਲ ਚੋਰੀ
ਪਿੰਡ ਖੁੱਡੀ ਕਲਾਂ ਦੀ ਸੋਹਲ ਪੱਤੀ ਵਿਖੇ ਬੀਤੀ ਰਾਤ ਚੋਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ’ਚ ਚਿੰਤਾ ਦਾ ਮਾਹੌਲ ਬਣ ਗਿਆ ਹੈ।
Publish Date: Wed, 27 May 2026 06:29 PM (IST)
Updated Date: Wed, 27 May 2026 06:31 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਖੁੱਡੀ ਕਲਾਂ ਦੀ ਸੋਹਲ ਪੱਤੀ ਵਿਖੇ ਬੀਤੀ ਰਾਤ ਚੋਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ’ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਚੋਰ ਇੱਕ ਮਾਲੀ ਦੀ ਝੌਂਪੜੀ ਨੂੰ ਨਿਸ਼ਾਨਾ ਬਣਾ ਕੇ ਮੋਬਾਈਲ ਫੋਨ ਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮੋਹਰ ਸਿੰਘ ਪੁੱਤਰ ਹਰਵੀਰ ਸਿੰਘ ਨੇ ਦੱਸਿਆ ਕਿ ਉਹ ਇੱਕ ਜ਼ਿਮੀਂਦਾਰ ਦੀ ਜ਼ਮੀਨ ’ਤੇ ਮਾਲੀ ਵਜੋਂ ਕੰਮ ਕਰਦਾ ਹੈ ਤੇ ਸਬਜ਼ੀਆਂ ਬੀਜ ਕੇ ਆਪਣਾ ਗੁਜ਼ਾਰਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੀ ਝੌਂਪੜੀ ’ਚ ਗਹਿਰੀ ਨੀਂਦ ’ਚ ਸੁੱਤਾ ਹੋਇਆ ਸੀ ਤਾਂ ਕਰੀਬ ਡੇਢ ਵਜੇ ਮੋਟਰਸਾਈਕਲ ’ਤੇ ਆਏ ਦੋ ਚੋਰਾਂ ਨੇ ਝੌਂਪੜੀ ’ਚ ਦਾਖਲ ਹੋ ਕੇ ਉਸ ਦਾ ਮੋਬਾਈਲ ਫੋਨ ਤੇ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਪੀੜਤ ਅਨੁਸਾਰ ਚੋਰਾਂ ਦੇ ਆਉਣ ਤੇ ਵਾਪਸ ਜਾਣ ਦੀ ਹਰਕਤ ਖੇਤਾਂ ਦੇ ਨੇੜੇ ਸਥਿਤ ਐਗਰੋਟੈੱਕ ਕੰਪਨੀ ਦੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਇਸ ਸਬੰਧੀ ਪੁਲਿਸ ਚੌਕੀ ਹੰਡਿਆਇਆ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।