ਨੌਜਵਾਨ ਵਰਗ ਨੂੰ ਕਰੀਅਰ ਗਾਈਡੈਂਸ ਤੇ ਕੌਸਲਿੰਗ ਸਬੰਧੀ ਪ੍ਰੋਗਰਾਮ ਕਰਵਾਇਆ
ਨੌਜਵਾਨ ਵਰਗ ਨੂੰ ਕਰੀਅਰ ਗਾਈਡੈਂਸ ਤੇ ਕੌਸਲਿੰਗ ਸੰਬੰਧੀ ਪ੍ਰੋਗਰਾਮ ਕਰਵਾਇਆ
Publish Date: Sun, 26 Apr 2026 06:34 PM (IST)
Updated Date: Mon, 27 Apr 2026 04:14 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਾਲ ਭਲਾਈ ਕਮੇਟੀ ਸ਼ਹਿਣਾ ਵੱਲੋਂ ਨੌਜਵਾਨ ਲੜਕੇ-ਲੜਕੀਆਂ ਨੂੰ ਪੜ੍ਹਾਈ ਉਪਰੰਤ ਤੇ ਪੜ੍ਹਾਈ ਦਰਮਿਆਨ ਆਪਣੇ ਕੈਰੀਅਰ ਦੀ ਚੋਣ ਕਰਨ ਸਬੰਧੀ ਕੈਰੀਅਰ ਗਾਈਡੈਂਸ ਤੇ ਕੌਂਸਲਿੰਗ ਪ੍ਰੋਗਰਾਮ ਸ਼ਾਂਤੀ ਹਾਲ ਸ਼ਹਿਣਾ ਵਿਖੇ ਕਰਵਾਇਆ ਗਿਆ। ਜਿਸ ’ਚ ਵੱਡੀ ਗਿਣਤੀ ਸਕੂਲਾਂ ਦੇ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਸਮੇਤ ਸ਼ਮੂਲੀਅਤ ਕੀਤੀ। ਇਸ ਸਮੇਂ ਸੰਬੋਧਨ ਕਰਦਿਆਂ ਆਯੂਸ ਗੋਇਲ ਐਸ.ਡੀ.ਐਮ ਤਪਾ ਤੇ ਕਿਤਕਾ ਗੋਇਲ ਐਸ.ਡੀ.ਐਮ ਮਹਿਲ ਕਲਾਂ ਨੇ ਆਪਣੀ ਉਚੇਰੀ ਪੜਾਈ ਦੇ ਸੰਘਰਸ਼ ਦੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਸਿਵਲ ਸੇਵਾਵਾਂ ਵਰਗੀਆਂ ਮੁਸ਼ਕਲ ਪ੍ਰੀਖਿਆਵਾਂ ਪਾਸ ਕਰਨ ਲਈ ਸਿਰਫ਼ ਕਿਤਾਬਾਂ ਪੜ੍ਹਨਾ ਹੀ ਜ਼ਰੂਰੀ ਨਹੀਂ, ਬਲਕਿ ਉਸ ਲਈ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਦ੍ਰਿੜਤਾ ਨਾਲ ਤਿਆਰ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਹੀ ਦਿਸ਼ਾ ’ਚ ਚੁੱਕੇ ਹੋਏ ਕਦਮ ,ਤੁਹਾਨੂੰ ਮਿਹਨਤ ਨਾਲ ਇਕ ਦਿਨ ਮੰਜ਼ਿਲ ਤੇ ਲੈ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮਿਹਨਤ ਕਰਨ ਵਾਲਾ ਵਿਦਿਆਰਥੀ ਕਦੇ ਵੀ ਅਸਫਲਤਾ ਦੇ ਨਤੀਜੇ ਤੋਂ ਨਹੀਂ ਡਰਦਾ। ਜਿਸ ਲਈ ਸਫਲਤਾ ਮਿਹਨਤਕਸ਼ ਦੇ ਪੈਰ ਚੁੰਮਦੀ ਹੈ। ਮਾ: ਰਾਜਿੰਦਰ ਭਦੌੜ ਸੂਬਾ ਆਗੂ ਤਰਕਸ਼ੀਲ ਕਮੇਟੀ ਨੇ ਕਿਹਾ ਕਿ ਪੜ੍ਹਿਆ ਲਿਖਿਆ ਮਨੁੱਖ ਦੂਜੇ ਮਨੁੱਖਾਂ ਲਈ ਵੀ ਸੇਧ ਬਣਦਾ ਹੈ। ਉਨ੍ਹਾਂ ਕਿਹਾ ਕਿ ਵਹਿਮਾਂ ਭਰਮਾਂ ਨੇ ਸਾਡੇ ਸਮਾਜ ਨੂੰ ਅੱਗੇ ਵਧਣ ਤੋਂ ਬੇੜੀਆਂ ਪਾਈਆਂ ਹੋਈਆਂ ਹਨ ਅਤੇ ਇਨ੍ਹਾਂ ਬੇੜੀਆਂ ਨੂੰ ਇਕ ਸਿੱਖਿਅਕ ਮਨੁੱਖ ਹੀ ਤੋੜ ਸਕਦਾ ਹੈ। ਇਸ ਸਮਾਗਮ ਨੂੰ ਵਿਪਨ ਭਦੌੜ ਨੇ ਵੀ ਸੰਬੋਧਨ ਕੀਤਾ। ਸਟੇਜ ਦੇ ਫ਼ਰਜ਼ ਡਾ. ਗੁਰਪ੍ਰੀਤ ਸਿੰਘ ਤਰਕਸ਼ੀਲ ਆਗੂ ਨੇ ਨਿਭਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਲ ਭਲਾਈ ਕਮੇਟੀ ਦੇ ਚਰਨਜੀਤ ਸਿੰਘ ਪੰਧੇਰ, ਨਛੱਤਰ ਸਿੰਘ ਸੰਧੂ, ਗੁਨਿੰਦਰ ਸਿੰਘ ਸਰਾਂ, ਜਸਵੀਰ ਸਿੰਘ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ, ਪ੍ਰਿੰਸੀਪਲ ਪਰਮਿੰਦਰ ਸਿੰਘ ਢਿੱਲੋਂ, ਮੈਡਮ ਸ੍ਰਿਸਟਾ, ਮੈਡਮ ਮੋਨਿਕਾ, ਪ੍ਰਿੰਸੀਪਲ ਮੇਜਰ ਸਿੰਘ ਤੇ ਹੋਰ ਵੀ ਆਗੂ ਹਾਜ਼ਰ ਸਨ ।