ਬੀਜੀਐੱਸ ਸਕੂਲ ’ਚ ਮੌਕ ਪਾਰਲੀਮੈਂਟ ਸੈਸ਼ਨ ਕਰਵਾਇਆ
ਬੀਜੀਐਸ ਸਕੂਲ ਬਰਨਾਲਾ ਵਿਖੇ ਮੌਕ ਪਾਰਲੀਮੈਂਟ ਸੈਸ਼ਨ ਕਰਵਾਇਆ
Publish Date: Wed, 13 May 2026 04:15 PM (IST)
Updated Date: Wed, 13 May 2026 04:18 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਅਤੇ ਸੰਸਦੀ ਕਾਰਵਾਈ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਇੱਕ ਰੋਜ਼ਾ ਮੌਕ ਪਾਰਲੀਮੈਂਟ (ਨਕਲੀ ਸੰਸਦ) ਸੈਸ਼ਨ ਕਰਵਾਇਆ। ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜਨੀਤਿਕ ਸ਼ਖ਼ਸੀਅਤਾਂ ਦੇ ਰੂਪ ’ਚ ਸੰਸਦ ਦੀ ਅਸਲ ਕਾਰਵਾਈ ਦਾ ਦ੍ਰਿਸ਼ ਪੇਸ਼ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸੀਬੀ ਮੈਂਬਰਾਂ ਦੇ ਸਵਾਗਤ ਨਾਲ ਹੋਈ, ਜੋ ਕਿ ਸਕੂਲ ਦੇ ਸਾਬਕਾ ਵਿਦਿਆਰਥੀ ਸਨ। ਇਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ, ਵਾਤਾਵਰਣ ਦੀ ਸੰਭਾਲ, ਸਿਹਤ ਸਹੂਲਤਾਂ ਅਤੇ ਵਧਦੀ ਬੇਰੁਜ਼ਗਾਰੀ ਵਰਗੇ ਗੰਭੀਰ ਮੁੱਦਿਆਂ ’ਤੇ ਸੱਤਾਧਾਰੀ ਪਾਰਟੀ ਨੂੰ ਘੇਰਿਆ ਅਤੇ ਤਿੱਖੇ ਸਵਾਲ ਕੀਤੇ। ਦੂਜੇ ਪਾਸੇ ਪ੍ਰਧਾਨ ਮੰਤਰੀ ਅਤੇ ਵੱਖ-ਵੱਖ ਮੰਤਰੀਆਂ ਦੀ ਭੂਮਿਕਾ ਨਿਭਾ ਰਹੇ ਵਿਦਿਆਰਥੀਆਂ ਨੇ ਬਹੁਤ ਹੀ ਸੂਝ-ਬੂਝ ਅਤੇ ਤਰਕਪੂਰਨ ਤਰੀਕੇ ਨਾਲ ਸਰਕਾਰ ਦਾ ਪੱਖ ਰੱਖਿਆ ਅਤੇ ਸਵਾਲਾਂ ਦੇ ਜਵਾਬ ਦਿੱਤੇ। ਸੈਸ਼ਨ ਦੌਰਾਨ ਇੱਕ ਅਹਿਮ ਬਿੱਲ ਵੀ ਪੇਸ਼ ਕੀਤਾ ਗਿਆ, ਜਿਸ ’ਤੇ ਦੋਵਾਂ ਧਿਰਾਂ ਵਿਚਾਲੇ ਲੰਮੀ ਬਹਿਸ ਤੋਂ ਬਾਅਦ ਵੋਟਿੰਗ ਕਰਵਾਈ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਸੁਮਨ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਬੱਚਿਆਂ ’ਚ ਲੀਡਰਸ਼ਿਪ ਦੇ ਗੁਣ ਪੈਦਾ ਕਰਨਾ, ਸਟੇਜ ਦਾ ਡਰ ਦੂਰ ਕਰਨਾ ਤੇ ਉਨ੍ਹਾਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ, ਜਿਨ੍ਹਾਂ ਨੇ ਤਾਲੀਆਂ ਵਜਾ ਕੇ ਸੰਸਦ ਦੀ ਕਾਰਵਾਈ ਦਾ ਆਨੰਦ ਮਾਣਿਆ। ਸਕੂਲ ਐੱਮਡੀ ਰਣਪ੍ਰੀਤ ਸਿੰਘ ਰਾਏ ਨੇ ਵੀ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਤੇ ਜਾਗਰੂਕ ਭਵਿੱਖ ਦੇ ਨਾਗਰਿਕ ਬਣਨ ਲਈ ਉਤਸ਼ਾਹਿਤ ਕੀਤਾ।