ਛੋਟੇ ਭਰਾ ਨੇ ਵੱਡੇ ਭਰਾ ’ਤੇ ਟਰੈਕਟਰ ਚੜ੍ਹਿਆ, ਮੌਤ
ਭਰਾ ਹੀ ਬਣਿਆ ਭਰਾ ਦਾ ਕਾਤਲ
Publish Date: Thu, 16 Apr 2026 05:54 PM (IST)
Updated Date: Fri, 17 Apr 2026 04:12 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਬਡਬਰ ਵਿਖੇ ਇਕ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ’ਚ ਇਕ ਛੋਟੇ ਭਰਾ ਨੇ ਆਪਣੇ ਵੱਡੇ ਭਰਾ ’ਤੇ ਟਰੈਕਟਰ ਚੜ੍ਹ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੇ ਪਿੱਛੇ ਪੈਸਿਆਂ ਤੇ ਖੇਤ ’ਚ ਖੜ੍ਹੀ ਟਾਹਲੀ ਨੂੰ ਲੈ ਕੇ ਚੱਲ ਰਿਹਾ ਝਗੜਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਮਨਜਿੰਦਰ ਸਿੰਘ (50) ਪੁੱਤਰ ਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਮਨਜਿੰਦਰ ਸਿੰਘ ਤੇ ਸੀਰੀ ਸੋਨੀ ਨਾਲ ਆਪਣੇ ਮੋਟਰਸਾਈਕਲ ’ਤੇ ਥੋੜੀ ਦੂਰ ਕੰਬਾਈਨ ਪੁੱਛਣ ਲਈ ਜਾ ਰਹੇ ਸਨ, ਤਾਂ ਪਿੱਛੋਂ ਆਪਣੇ ਸਵਰਾਜ ਟਰੈਕਟਰ ’ਤੇ ਸਵਾਰ ਹੋ ਕੇ ਇਹਦਾ ਛੋਟਾ ਭਰਾ ਸੁਖਵਿੰਦਰ ਸਿੰਘ ਨੇ ਪਿੱਛੋਂ ਆ ਕੇ ਟਰੈਕਟਰ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ ਦੱਸਿਆ ਕਿ ਇਸ ਦੇ ਉੱਪਰ ਤਿੰਨ ਚਾਰ ਵਾਰੀ ਮੋੜ ਮੋੜ ਕੇ ਟਰੈਕਟਰ ਚੜਾਇਆ ਤੇ ਮਨਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸੀਰੀ ਸੋਨੀ ਦੀ ਲੱਤ ਟੁੱਟਣ ਦੇ ਨਾਲ ਗਿੱਟਾ ਵੀ ਫੈਕਚਰ ਹੋ ਗਿਆ, ਜਿਨ੍ਹਾਂ ਨੂੰ ਸਰਕਾਰੀ ਤੌਰ ’ਤੇ ਲਿਆਂਦਾ ਗਿਆ ਸੀ ਉੱਥੇ ਡਾਕਟਰਾਂ ਨੇ ਮਨਜਿੰਦਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਦੋਵਾਂ ਭਰਾਵਾਂ ’ਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਕਰੀਬ ਇਕ ਲੱਖ ਰੁਪਏ ਤੇ ਖੇਤ ’ਚ ਖੜ੍ਹੀ ਟਾਹਲੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪਿਤਾ ਜੀਤ ਸਿੰਘ ਨੇ ਪਹਿਲਾਂ ਹੀ ਥਾਣਾ ਧਨੌਲਾ ’ਚ ਸ਼ਿਕਾਇਤ ਦਰਜ ਕਰਵਾਈ ਹੋਈ ਸੀ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਸੀਰੀ ਸੋਨੀ ਵੱਲੋਂ ਉੱਚੀ ਉੱਚੀ ਆਵਾਜ਼ਾਂ ਮਾਰਤਾਂ-ਮਾਰਤਾਂ ਦੀਆਂ ਸ਼ੁਰੂ ਕਰ ਦਿੱਤੀਆਂ ਤਾਂ ਸੁਣ ਕੇ ਉਹ ਬਾਹਰ ਆਈ ਤੇ ਬਚਾਉ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਟ੍ਰੈਕਟਰ ਉਸ ਵੱਲ ਕਰਕੇ ਮੇਰੇ ’ਤੇ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਉਸ ਨੇ ਖੇਤ ’ਚ ਛਾਲ ਮਾਰ ਦਿੱਤੀ। ਜਦਕਿ ਨੌਕਰ ਸੋਨੀ ਗੰਭੀਰ ਰੂਪ ’ਚ ਜ਼ਖ਼ਮੀ ਹੋਣ ’ਤੇ ਇਲਾਜ ਲਈ ਹਸਪਤਾਲ ਧਨੌਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।