ਬੀਕੇਯੂ ਉਗਰਾਹਾਂ ਨੇ ਬਰਨਾਲਾ ’ਚ ਟ੍ਰਾਈਡੈਂਟ ਖ਼ਿਲਾਫ਼ ਮੋਰਚਾ ਖੋਲ੍ਹਿਆ
ਬੀਕੇਯੂ ਉਗਰਾਹਾਂ ਨੇ ਬਰਨਾਲਾ ’ਚ ਟ੍ਰਾਈਡੈਂਟ ਖਿਲਾਫ਼ ਮੋਰਚਾ ਖੋਲ੍ਹਿਆ
Publish Date: Fri, 01 May 2026 06:26 PM (IST)
Updated Date: Sat, 02 May 2026 04:11 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬਰਨਾਲਾ ਦੇ ਧੌਲਾ ’ਚ ਟ੍ਰਾਈਡੈਂਟ ਫੈਕਟਰੀ ’ਤੇ ਛਾਪੇਮਾਰੀ ਤੋਂ ਬਾਅਦ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਵੀ ਫੈਕਟਰੀ ਪ੍ਰਬੰਧਨ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਸੰਗਠਨ ਨੇ ਪ੍ਰਦੂਸ਼ਣ ਵਿਭਾਗ ਦੀ ਕਾਰਵਾਈ ਦਾ ਸਵਾਗਤ ਕੀਤਾ ਹੈ ਤੇ ਨਿਰਪੱਖ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਬਲਜਿੰਦਰ ਸਿੰਘ, ਸਾਗਰ ਸਿੰਘ ਤੇ ਮੇਜਰ ਸਿੰਘ ਨੇ ਕਿਹਾ ਕਿ ਫੈਕਟਰੀ ਤੋਂ ਪ੍ਰਦੂਸ਼ਣ ਕਾਰਨ ਇਲਾਕੇ ਦੀ ਹਵਾ ਤੇ ਪਾਣੀ ਜ਼ਹਿਰੀਲਾ ਹੋ ਗਿਆ ਹੈ। ਇਸ ਪ੍ਰਦੂਸ਼ਣ ਕਾਰਨ ਨੇੜਲੇ ਪਿੰਡਾਂ ’ਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਮੌਕੇ ਕੈਂਸਰ ਪੀੜ੍ਹਤ ਕਿਸਾਨ ਤੇ ਨੇੜਲੇ ਖੇਤਾਂ ਦੇ ਮਾਲਕ ਨਿਰਮਲ ਸਿੰਘ ਨੇ ਕਿਹਾ ਕਿ ਉਹ ਖੁਦ ਇਸ ਪ੍ਰਦੂਸ਼ਣ ਕਾਰਨ ਕੈਂਸਰ ਤੋਂ ਪੀੜਤ ਹਨ ਤੇ ਉਨ੍ਹਾਂ ਦਾ ਆਪ੍ਰੇਸ਼ਨ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਜਾਂਚਾਂ ਕੀਤੀਆਂ ਗਈਆਂ ਹਨ, ਜਿਸ ’ਚ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਨਿਰੀਖਣ ਕੀਤਾ ਸੀ, ਪਰ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਕਿਸਾਨਾਂ ਮੰਗ ਕੀਤੀ ਕਿ ਫੈਕਟਰੀ ਦੇ ਅੰਦਰੂਨੀ ਪ੍ਰਦੂਸ਼ਣ ਦੀ ਪੂਰੀ ਜਾਂਚ ਲਈ ਇੱਕ ਵਿਸ਼ੇਸ਼ ਟੀਮ ਬਣਾਈ ਜਾਣੀ ਚਾਹੀਦੀ ਹੈ। ਭੂਮੀਗਤ ਪਾਣੀ ਤੇ ਹਵਾ ਦੇ ਨਮੂਨਿਆਂ ਦੀਆਂ ਰਿਪੋਰਟਾਂ ਜਨਤਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਪ੍ਰਦੂਸ਼ਣ ਫੈਲਾਉਣ ਲਈ ਫੈਕਟਰੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। : ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਛਾਪਾ ਫੈਕਟਰੀ ਮਾਲਕ ਤੇ ਸਾਬਕਾ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦੇ ਵਿਚਕਾਰ, ਇਸ ਛਾਪੇਮਾਰੀ ਨੂੰ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਵੀ ਦੇਖਿਆ ਜਾ ਰਿਹਾ ਹੈ। ਕਿਸਾਨਾਂ ਦੇ ਅਨੁਸਾਰ, ਆਪ ਲੀਡਰਸ਼ਿਪ ਨੇ ਹਾਲ ਹੀ ’ਚ ਫੈਕਟਰੀ ਦੀਆਂ ਕੰਧਾਂ ਤੇ ‘ਦੇਸ਼ਧ੍ਰੋਹੀ‘ ਲਿਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਰਾਜਿੰਦਰ ਗੁਪਤਾ ਦੇ ਇਲਾਜ ਲਈ ਅਮਰੀਕਾ ’ਚ ਹੋਣ ਦੌਰਾਨ ਵਿਭਾਗ ਵੱਲੋਂ ਪੰਜ ਘੰਟੇ ਦੀ ਛਾਪੇਮਾਰੀ ਕਈ ਸਵਾਲ ਖੜ੍ਹੇ ਕਰਦੀ ਹੈ।