ਬੀਕੇਯੂ ਸਿੱਧੂਪੁਰ ਨੇ ਡੀਐਫਐਸਸੀ ਦੇ ਦਫਤਰ ਅੱਗੇ ਲਾਇਆ ਧਰਨਾ

- ਪਹਿਲੀ ਵਾਰ ਹੋਇਆ ਕਿ 15 ਅਪ੍ਰੈਲ ਤੱਕ ਵੀ ਖ਼ਰੀਦ ਨਹੀਂ ਹੋਈ ਸ਼ੁਰੂ : ਚੱਠਾ
ਜਸਵੀਰ ਸਿੰਘ, ਪੰਜਾਬੀ ਜਾਗਰਣ
ਸੰਗਰੂਰ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਦਫ਼ਤਰ ਅੱਗੇ ਰੋਸ ਧਰਨਾ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਇਕ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਲਈ ਪ੍ਰਬੰਧ ਪੁਖਤਾ ਹੋਣ ਅਤੇ ਕਣਕ ਦਾ ਦਾਣਾ ਦਾਣਾ ਚੁੱਕਣ ਦਾ ਦਾਅਵਾ ਕਰਨ ਵਾਲੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਅੱਜ 15 ਅਪ੍ਰੈਲ ਤੱਕ ਵੀ ਮੰਡੀਆਂ ਵਿੱਚ ਸਰਕਾਰੀ ਖਰੀਦ ਸੁਚੱਜੇ ਢੰਗ ਨਾਲ ਚਾਲੂ ਨਹੀਂ ਕਰਵਾਈ ਜਾ ਸਕੀ। ਜਦਕਿ ਪਿਛਲੇ ਕਰੀਬ 10 ਦਿਨਾਂ ਤੋਂ ਪੰਜਾਬ ਦੀਆਂ ਸ਼ਹਿਰੀ ਤੇ ਪੇਂਡੂ ਮੰਡੀਆਂ ਨੱਕੋ ਨੱਕ ਭਰੀਆਂ ਹੋਈਆਂ ਹਨ। ਇਸ ਤੋਂ ਇਲਾਵਾ ਆੜ੍ਹਤੀਆਂ ਵੱਲੋਂ ਬਣਾਏ ਪ੍ਰਾਈਵੇਟ ਫੜ ਤੇ ਸ਼ੈਲਰਾਂ ਆਦਿ ’ਚ ਵੀ ਕਣਕ ਭਰੀ ਹੋਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਪੀਣ ਦੇ ਪਾਣੀ, ਪਖਾਨਿਆਂ, ਸਫ਼ਾਈ ਆਦਿ ਦੇ ਕੋਈ ਪੁਖਤਾ ਪ੍ਰਬੰਧ ਨਹੀਂ, ਜਦਕਿ ਮੰਡੀਆਂ ਚ ਕਿਸਾਨਾਂ, ਮਜ਼ਦੂਰਾਂ ਨੂੰ ਇਹ ਸਹੂਲਤ ਦੇਣ ਦੇ ਨਾਂ ’ਤੇ ਇੱਕ-ਇੱਕ ਮਾਰਕੀਟ ਕਮੇਟੀ ਦੇ ਖੇਤਰ ’ਚ ਲੱਖਾਂ ਰੁਪਏ ਠੇਕੇ ਦੇ ਕੇ ਵੱਡਾ ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਨੂੰ ਚਾਲੂ ਕਰੇ ਅਤੇ ਕਿਸਾਨਾਂ ਦਾ ਦਾਣਾ-ਦਾਣਾ ਖਰੀਦਣ ਦਾ ਤੁਰੰਤ ਪ੍ਰਬੰਧ ਕਰੇ ਅਤੇ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਬੰਦ ਕਰਦੇ ਹੋਏ ਰਾਜਸਥਾਨ ਵਿੱਚ ਫਸਲਾਂ ਦੇ ਹੋਏ ਨੁਕਸਾਨ ਤੋਂ ਬਾਅਦ ਕਣਕ ਦੀ ਖਰੀਦ ਸਮੇਂ ਨੁਕਸਾਨੇ ਗਏ ਦਾਣੇ ਲਈ ਰਾਜਸਥਾਨ ਵਿੱਚ ਦਿੱਤੀ ਗਈ ਖਰੀਦ ਦੇ ਮਾਪ ਦੰਡਾਂ ਵਿੱਚ ਰਿਆਇਤ ਵਾਂਗ ਹੀ ਪੰਜਾਬ ਵਿੱਚ ਵੀ ਕਣਕ ਦੀ ਖਰੀਦ ਵਿੱਚ ਵਰਤੇ ਜਾਂਦੇ ਮਾਪ ਦੰਡਾਂ ਵਿੱਚ ਢਿੱਲ ਦੇਵੇ। ਇਸ ਮੌਕੇ ਬਲਾਕ ਆਗੂ ਕੇਵਲ ਸਿੰਘ ਜਵੰਦਾ, ਜਤਿੰਦਰ ਸਿੰਘ ਜਲੂਰ, ਰਾਮਫਲ ਸਿੰਘ ਜਲੂਰ, ਕਰਮ ਸਿੰਘ ਨਮੋਲ, ਮਨਿੰਦਰ ਸਿੰਘ ਲਦਾਲ, ਭੂਰਾ ਸਿੰਘ ਛਾਜਲਾ, ਪ੍ਰਿੰਸ ਗੰਢੂਆਂ, ਹਰਬੰਸ ਖਡਿਆਲ, ਗੁਰਦੀਪ ਸਿੰਘ ਜਲੂਰ, ਗੁਰਤੇਜ ਸਿੰਘ ਨੀਲੋਵਾਲ, ਬਲਵਿੰਦਰ ਸਿੰਘ ਭੋਲਾ, ਦਲੇਲ ਸਿੰਘ ਚੱਠਾ, ਜਗਤਾਰ ਸਿੰਘ ਤਾਰਾ ਆਦਿ ਹਾਜ਼ਰ ਸਨ।
- ਖ਼ਰੀਦ ਕੀਤੀ ਸ਼ੁਰੂ, ਨਹੀਂ ਆਉਣ ਦੇਵਾਂਗੇ ਕੋਈ ਮੁਸ਼ਕਿਲ : ਡੀਐੱਫਐੱਸਸੀ
ਇਸ ਮੌਕੇ ਧਰਨੇ ਵਿੱਚ ਪਹੁੰਚੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਗੁਰਪ੍ਰੀਤ ਸਿੰਘ ਕੰਗ ਨੇ ਜਾਣਕਾਰੀ ਦਿੱਤੀ ਕਿ ਬਰਸਾਤਾਂ ਕਰ ਕੇ ਕਣਕ ਦੀ ਕੁਆਲਿਟੀ ’ਚ ਆਈ ਜਾਂਚ ਲਈ ਕੇਂਦਰੀ ਟੀਮਾਂ ਨੇ ਪਿਛਲੇ ਦਿਨੀਂ ਸੈਂਪਲ ਲਏ ਸੀ। ਖ਼ਰੀਦ ਲਈ ਦਿੱਤੀ ਜਾਣ ਵਾਲੀ ਸ਼ੋਟ ਨੂੰ ਲੈ ਕੇ ਖ਼ਰੀਦ ਲੇਟ ਹੋਈ ਹੈ ਤੇ ਅੱਜ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਮੰਡੀਆਂ ਵਿੱਚ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਤੇ ਬਾਰਦਾਨਾ ਪਹੁੰਚਣਾ ਸ਼ੁਰੂ ਹੋ ਗਿਆ ਹੈ ਤੇ ਕਣਕ ਦੀ ਖ਼ਰੀਦ ਸਬੰਧੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਖ਼ਰੀਦ ਕੇਂਦਰ ਵਿੱਚ ਖ਼ਰੀਦ ਸ਼ੁਰੂ ਨਾ ਹੋਣ ਜਾਂ ਬਾਰਦਾਨਾ ਨਾ ਪਹੁੰਚਣ ਦੀ ਗੱਲ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਧਿਆਨ ਵਿੱਚ ਲਿਆਂਦਾ ਜਾਵੇ, ਤੁਰੰਤ ਖ਼ਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ।