ਭਾਜਪਾ ਆਗੂ ’ਤੇ ਰਾਤ ਸਮੇਂ ਅਣਪਛਾਤਿਆਂ ਵੱਲੋਂ ਹਮਲਾ
ਬੀਜੇਪੀ ਆਗੂ ’ਤੇ ਰਾਤ ਸਮੇਂ ਅਣਪਛਾਤਿਆਂ ਵਲੋਂ ਹਮਲਾ
Publish Date: Wed, 13 May 2026 04:38 PM (IST)
Updated Date: Wed, 13 May 2026 04:39 PM (IST)

- ਕਾਨੂੰਨ-ਵਿਵਸਥਾ ’ਤੇ ਫਿਰ ਉੱਠੇ ਸਵਾਲ, ਹਵਾਈ ਫਾਇਰ ਕਰ ਕੇ ਬਚਾਈ ਜਾਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪੰਜਾਬ ’ਚ ਕਾਨੂੰਨ-ਵਿਵਸਥਾ ਦੇ ਦਾਅਵੇ ਇੱਕ ਵਾਰ ਫਿਰ ਕਾਗਜ਼ੀ ਹੀ ਸਾਬਤ ਹੋ ਰਹੇ ਹਨ। ਬੀਤੀ ਰਾਤ ਕਰੀਬ 11:30 ਵਜੇ ਭਾਜਪਾ ਦੇ ਜ਼ਿਲ੍ਹਾ ਜਨਰਲ ਸੈਕਟਰੀ ਨਰਿੰਦਰ ਗਰਗ ਨੀਟਾ ’ਤੇ ਉਸ ਵੇਲੇ ਹਮਲੇ ਦੀ ਕੋਸ਼ਿਸ਼ ਹੋਈ ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ ਵਾਪਸ ਆ ਰਹੇ ਸਨ। ਰਾਮ ਬਾਗ਼ ਰੋਡ ’ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਤਾਂ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਆਪਣੇ ਅਤੇ ਪਰਿਵਾਰ ਦੀ ਜਾਨ ਬਚਾਉਣ ਲਈ ਆਗੂ ਨੂੰ ਆਪਣੇ ਲਾਇਸੈਂਸੀ ਹਥਿਆਰ ਨਾਲ ਹਵਾਈ ਫਾਇਰ ਕਰਨਾ ਪਿਆ। ਫਾਇਰ ਦੀ ਆਵਾਜ਼ ਸੁਣ ਕੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ, ਪਰ ਇਲਾਕੇ ’ਚ ਡਰ ਦਾ ਮਾਹੌਲ ਛੱਡ ਗਏ। ਇਸ ਘਟਨਾ ਤੋਂ ਬਾਅਦ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਇੱਕ ਰਾਜਨੀਤਿਕ ਪਾਰਟੀ ਦਾ ਆਗੂ ਹੀ ਸੁਰੱਖਿਅਤ ਨਹੀਂ, ਤਾਂ ਆਮ ਜਨਤਾ ਦੀ ਸੁਰੱਖਿਆ ਕਿਵੇਂ ਯਕੀਨੀ ਬਣੇਗੀ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ’ਚ ਅਪਰਾਧੀ ਤੱਤਾਂ ਦੇ ਹੌਸਲੇ ਬੁਲੰਦ ਹਨ ਤੇ ਸਰਕਾਰ ਸਿਰਫ਼ ਦਾਅਵੇ ਕਰਨ ਤੱਕ ਸੀਮਿਤ ਹੈ। ਉਨ੍ਹਾਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਰਸਤੇ ’ਚ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।