ਸੀਐਮ ਦੇ ਭੜਕਾਊ ਤੇ ਮਾਣਹਾਨੀ ਬਿਆਨਾਂ ਖ਼ਿਲਾਫ਼ ਭਾਜਪਾ ਦਾ ਵਿਸ਼ਾਲ ਰੋਸ ਮਾਰਚ

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ
ਭੜਕਾਊ, ਝੂਠੇ ਅਤੇ ਮਾਣਹਾਨੀ ਬਿਆਨ ਦੇਣ ਦੇ ਦੋਸ਼ਾਂ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਭਾਜਪਾ ਵੱਲੋਂ ਮੰਗਲਵਾਰ ਨੂੰ ਸੰਗਰੂਰ ਵਿਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਜ਼ਿਲ੍ਹਾ ਸੰਗਰੂਰ-1 ਦੇ ਕਾਰਜਕਾਰੀ ਪ੍ਰਧਾਨ ਸਰਜੀਵਨ ਜਿੰਦਲ ਅਤੇ ਸੰਗਰੂਰ-2 ਦੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਹੱਥਾਂ ਵਿਚ ਹਥਕੜੀਆਂ ਪਾ ਕੇ ਮਹਾਵੀਰ ਚੌਂਕ ਤੋਂ ਐੱਸਐੱਸਪੀ ਦਫ਼ਤਰ ਪੁਲਿਸ ਲਾਈਨ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ।
ਪੁਲਿਸ ਵੱਲੋਂ ਪੁਲਿਸ ਲਾਈਨ ਦੇ ਗੇਟ ‘ਤੇ ਬੈਰੀਕੇਡ ਲਗਾ ਕੇ ਭਾਜਪਾ ਵਰਕਰਾਂ ਨੂੰ ਐਸਐਸਪੀ ਦਫ਼ਤਰ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਮੁੱਖ ਸੜਕ ‘ਤੇ ਹੀ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਰੋਸ ਪ੍ਰਗਟਾਇਆ। ਇਸ ਤੋਂ ਬਾਅਦ ਭਾਜਪਾ ਦੇ ਇਕ ਵਫ਼ਦ ਨੇ ਐਸਐਸਪੀ ਰਵਜੋਤ ਕੌਰ ਗਰੇਵਾਲ ਨੂੰ ਮੁੱਖ ਮੰਤਰੀ ਖ਼ਿਲਾਫ਼ ਮਾਮਲਾ ਦਰਜ ਕਰਨ ਸਬੰਧੀ ਸ਼ਿਕਾਇਤ ਪੱਤਰ ਸੌਂਪਿਆ।
ਰੋਸ ਮਾਰਚ ਦੌਰਾਨ ਸਰਜੀਵਨ ਜਿੰਦਲ ਅਤੇ ਦਾਮਨ ਬਾਜਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਇਕ ਅਧਿਕਾਰਕ ਸ਼ਿਕਾਇਤ ਭੇਜੀ ਗਈ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮੁੱਖ ਮੰਤਰੀ ਨੇ 6 ਮਈ ਨੂੰ ਜਲੰਧਰ ਸਥਿਤ ਬੀਐਸਐਫ ਫਰੰਟੀਅਰ ਮੁੱਖ ਦਫ਼ਤਰ ਅਤੇ ਅੰਮ੍ਰਿਤਸਰ ਫੌਜੀ ਕੈਂਪ ਨੇੜੇ ਹੋਏ ਦੋਹਰੇ ਧਮਾਕਿਆਂ ਨੂੰ ਭਾਜਪਾ ਨਾਲ ਜੋੜ ਕੇ ਗੈਰ-ਜ਼ਿੰਮੇਵਾਰਾਨਾ ਅਤੇ ਗੰਭੀਰ ਬਿਆਨ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜਨਤਕ ਤੌਰ ‘ਤੇ ਇਹ ਦਾਅਵਾ ਕੀਤਾ ਸੀ ਕਿ ਇਹ ਘਟਨਾਵਾਂ 2027 ਦੀਆਂ ਚੋਣਾਂ ਦੀ ਤਿਆਰੀ ਦਾ ਹਿੱਸਾ ਹਨ ਅਤੇ ਇਸ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਹੱਥ ਹੈ। ਭਾਜਪਾ ਆਗੂਆਂ ਮੁਤਾਬਕ, ਇਸ ਤਰ੍ਹਾਂ ਦੇ ਬਿਆਨਾਂ ਨਾਲ ਨਾ ਸਿਰਫ਼ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋਈ ਹੈ, ਸਗੋਂ ਸੂਬੇ ਦੀ ਅੰਦਰੂਨੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ‘ਤੇ ਵੀ ਮਾੜਾ ਅਸਰ ਪਿਆ ਹੈ।
ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਸੁਰੱਖਿਆ ਏਜੰਸੀਆਂ ਵੱਲੋਂ ਇਨ੍ਹਾਂ ਹਮਲਿਆਂ ਦੇ ਤਾਰ ਪਾਕਿਸਤਾਨ ਦੀ ਆਈਐਸਆਈ ਅਤੇ ਸਰਹੱਦ ਪਾਰ ਸਰਗਰਮ ਅੱਤਵਾਦੀ ਮਾਡਿਊਲਾਂ ਨਾਲ ਜੋੜੇ ਜਾ ਰਹੇ ਹਨ, ਜਦਕਿ ਮੁੱਖ ਮੰਤਰੀ ਵੱਲੋਂ ਰਾਜਨੀਤਿਕ ਬਿਆਨਬਾਜ਼ੀ ਕਰਕੇ ਮਾਹੌਲ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਰਾਹੀਂ ਭਾਜਪਾ ਅਤੇ ਇਸ ਦੇ ਵਰਕਰਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਰਾਜ ਸਰਕਾਰ ਦੀਆਂ ਕਥਿਤ ਪ੍ਰਸ਼ਾਸਨਿਕ ਨਾਕਾਮੀਆਂ ਤੋਂ ਧਿਆਨ ਹਟਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ।
ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਖ਼ਿਲਾਫ਼ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਸੂਬੇ ਵਿੱਚ ਅਮਨ-ਸ਼ਾਂਤੀ, ਸਮਾਜਿਕ ਭਾਈਚਾਰਾ ਅਤੇ ਕਾਨੂੰਨ-ਵਿਵਸਥਾ ਕਾਇਮ ਰਹਿ ਸਕੇ।
ਇਸ ਮੌਕੇ ਭਾਜਪਾ ਦੇ ਸਪੋਰਟ ਸਟੇਟ ਸੈਲ ਦਾ ਇੰਚਾਰਜ ਕਰਮ ਲਹਿਲ, ਅਮਨ ਪੂਨੀਆ, ਪ੍ਰਦੀਪ ਗਰਗ , ਅਮੀਰ ਸਿੰਘ, ਹਰਮਨ ਦੇਵ ਸਿੰਘ ਬਾਜਵਾ(ਗੱਗੀ) ਤੋ ਇਲਾਵਾ ਹੋਰ ਵੀ ਆਗੂ ਹਾਜਰ ਸਨ।