ਬਰਨਾਲਾ ਵਿਖੇ ਭਾਜਪਾ ਨੇ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ
ਬਰਨਾਲਾ ਵਿਖੇ ਭਾਜਪਾ ਨੇ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ
Publish Date: Mon, 04 May 2026 05:39 PM (IST)
Updated Date: Tue, 05 May 2026 04:06 AM (IST)

ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ : ਕੇਵਲ ਸਿੰਘ ਢਿੱਲੋਂ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਦੇਸ਼ ਦੇ ਵੱਖ-ਵੱਖ ਰਾਜਾਂ ਪੱਛਮੀ ਬੰਗਾਲ ਤੇ ਅਸਾਮ ’ਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਦੀ ਖੁਸ਼ੀ ’ਚ ਬਰਨਾਲਾ ਵਿਖੇ ਭਾਜਪਾ ਵੱਲੋਂ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਤੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਜਨਰਲ ਸਕੱਤਰ ਨਰਿੰਦਰ ਗਰਗ ਨੀਟਾ, ਪ੍ਰਧਾਨ ਐੱਸਸੀ ਮੋਰਚਾ ਧਰਮ ਸਿੰਘ ਫੌ਼ਜੀ, ਸਮੇਤ ਵੱਡੀ ਗਿਣਤੀ ਵਿਚ ਅਹੁਦੇਦਾਰ ਤੇ ਵਰਕਰ ਹਾਜ਼ਰ ਰਹੇ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਜਿੱਤ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਯੋਗ ਅਗਵਾਈ ’ਤੇ ਲੋਕਾਂ ਦੇ ਭਰੋਸੇ ਦੀ ਮੋਹਰ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸਾਫ਼ ਦਰਸਾਉਂਦੇ ਹਨ ਕਿ ਦੇਸ਼ ਦੀ ਜਨਤਾ ਵਿਕਾਸ, ਸੁਸ਼ਾਸਨ ਤੇ ਸਥਿਰ ਸਰਕਾਰ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਰਾਜਾਂ ਵਿਚ ਭਾਜਪਾ ਸਰਕਾਰ ਹੈ, ਉਥੇ ਖ਼ੂਬ ਤਰੱਕੀ ਹੋ ਰਹੀ ਹੈ। ਕਿਉਂਕਿ ਭਾਜਪਾ ਦੀ ਵਿਕਾਸ ਵਾਲੀ ਨੀਤੀ ਉਨ੍ਹਾਂ ਰਾਜਾਂ ਨੂੰ ਯੋਗ ਅਗਵਾਈ ਦੇ ਰਹੀ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਪੱਛਮੀ ਬੰਗਾਲ ਤੇ ਆਸਾਮ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ। ਸਾਡਾ ਸੂਬਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਨਸ਼ੇ, ਗੈਂਗਸਟਰਾਂ, ਕ੍ਰਾਈਮ, ਆਰਥਿਕ ਸੰਕਟ, ਵਰਗੀਆਂ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਸਭ ਦੇ ਖ਼ਾਤਮੇ ਦਾ ਇੱਕੋ ਇੱਕ ਹੱਲ ਭਾਜਪਾ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ 2027 ਚੋਣਾਂ ਲਈ ਭਾਜਪਾ ਪੂਰੇ ਦਮ ਖ਼ਮ ਨਾਲ ਅੱਗੇ ਆਵੇਗੀ ਤੇ ਸਰਕਾਰ ਬਣਾਵੇਗੀ। ਪ੍ਰੋਗਰਾਮ ਦੌਰਾਨ ਭਾਜਪਾ ਵਰਕਰਾਂ ਵਿਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਜਿੱਤ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ ਗਈ।