ਭਾਕਿਯੂ ਏਕਤਾ ਡਕੌਂਦਾ ਦੇ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ 15 ਮਈ ਨੂੰ ਚੰਡੀਗੜ੍ਹ ਵੱਲ ਕਰੇਗਾ ਕੂਚ - ਮਨਜੀਤ ਧਨੇਰ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸੂਬਾ ਕਮੇਟੀ ਤੋਂ ਇਲਾਵਾ 13 ਜ਼ਿਲ੍ਹਿਆਂ ਦੇ ਆਗੂਆਂ ਨੇ ਭਾਗ ਲਿਆ। ਮੀਟਿੰਗ ’ਚ ਮੋਦੀ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਦਾ ਹੱਕ ਖੋਹਣ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ 15 ਮਈ ਨੂੰ ਚੰਡੀਗੜ੍ਹ ਇਕੱਠੇ ਹੋ ਕੇ ਗਵਰਨਰ ਹਾਊਸ ਵੱਲ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਮਾਰਚ ’ਚ ਜਥੇਬੰਦੀ ਦੇ ਹਜ਼ਾਰਾਂ ਕਿਸਾਨ ਅਤੇ ਔਰਤਾਂ ਭਾਗ ਲੈਣਗੀਆਂ। ਚੰਡੀਗੜ੍ਹ ਪਹੁੰਚਣ ਲਈ, ਸਾਰੇ ਜ਼ਿਲ੍ਹਿਆਂ ਦੇ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਮੀਟਿੰਗ ’ਚ ਪਿਛਲੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਕਣਕ ਦੀ ਖ੍ਰੀਦ ਸਬੰਧੀ ਨਿਯਮਾਂ ’ਚ ਪੰਜਾਬ ਨੂੰ ਢਿੱਲ ਨਾ ਦੇਣ ਦੇ ਖ਼ਿਲਾਫ਼ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ 17 ਅਪ੍ਰੈਲ ਨੂੰ 12 ਵਜੇ ਤੋਂ 3 ਵਜੇ ਤੱਕ ਰੇਲਾਂ ਰੋਕਣ ਦਾ ਸੱਦਾ ਦਿੱਤਾ ਗਿਆ ਸੀ। ਕਣਕ ਖ੍ਰੀਦ ਦੀ ਸੁਧਰੀ ਹੋਈ ਸਥਿਤੀ ਅਤੇ ਪੰਜਾਬ ਸਰਕਾਰ ਵੱਲੋਂ ਦੋ ਦਿਨਾਂ ਦੇ ਅੰਦਰ ਛੋਟ ਦੀ ਚਿੱਠੀ ਪ੍ਰਾਪਤ ਹੋ ਜਾਣ ਦੇ ਦਿੱਤੇ ਭਰੋਸੇ ਕਾਰਨ ਰੇਲ ਰੋਕੋ ਪ੍ਰੋਗਰਾਮ 17 ਅਪ੍ਰੈਲ ਨੂੰ ਸਵੇਰੇ ਮੁਲਤਵੀ ਕਰ ਦਿੱਤਾ ਗਿਆ ਅਤੇ ਉਸੇ ਦਿਨ ਹੀ ਕੇਂਦਰ ਸਰਕਾਰ ਵੱਲੋਂ ਖ੍ਰੀਦ ਨਿਯਮਾਂ ’ਚ ਹਰਿਆਣਾ ਅਤੇ ਰਾਜਸਥਾਨ ਦੇ ਬਰਾਬਰ ਢਿੱਲ ਦੇ ਦਿੱਤੀ ਗਈ। ਮੀਟਿੰਗ ’ਚ ਹਾਜ਼ਰ ਸਾਰੇ ਆਗੂਆਂ ਨੇ ਕਣਕ ਦੇ ਖ੍ਰੀਦ ਨਿਯਮਾਂ ਵਿੱਚ ਮਿਲੀ ਢਿੱਲ ਨੂੰ ਇਸ ਐਕਸ਼ਨ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਦੀ ਜਿੱਤ ਦਸਦਿਆਂ ਤਸੱਲੀ ਦਾ ਪ੍ਰਗਟਾਵਾ ਕੀਤਾ। ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਮੀਟਿੰਗ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਜ਼ਮੀਨੀ ਘੋਲ ਦੇ ਸਬੰਧ ਵਿੱਚ ਸੂਬਾ ਕਮੇਟੀ ਅਤੇ ਮਾਨਸਾ ਜ਼ਿਲ੍ਹੇ ਦੇ ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੇਸ ਅਤੇ 2023 ਦੌਰਾਨ ਮਾਨਸਾ ਜਿਲ੍ਹੇ ਦੇ ਪਿੰਡ ਕਰਮਗੜ ਵਿਖੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਦਾ ਵਿਰੋਧ ਕਰਨ ਲਈ ਇਕੱਠੇ ਹੋਏ 19 ਕਿਸਾਨ ਆਗੂਆਂ ਤੇ ਦਰਜ ਕੀਤੇ ਕੇਸਾਂ ਖਿਲਾਫ਼ ਸਖ਼ਤ ਰੋਹ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਗਈ ਕਿ ਇਨ੍ਹਾਂ ਕੇਸਾਂ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਵੱਲੋਂ ਇਸ ਦੇ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਬੰਧੀ ਜਥੇਬੰਦੀ ਦਾ ਡੈਪੂਟੇਸ਼ਨ ਜਲਦੀ ਹੀ ਐਸਐਸਪੀ ਮਾਨਸਾ ਨੂੰ ਮਿਲੇਗਾ। ਮੀਟਿੰਗ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਮਜ਼ਦੂਰ ਆਗੂਆਂ ਖ਼ਿਲਾਫ਼ ਦਰਜ ਕੀਤੇ ਝੂਠੇ ਕੇਸ ਰੱਦ ਕੀਤੇ ਜਾਣ, ਗ੍ਰਿਫ਼ਤਾਰ ਕੀਤੇ ਮਜ਼ਦੂਰ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਮੰਗਾਂ ਬਿਨਾਂ ਕਿਸੇ ਹੋਰ ਦੇਰੀ ਤੋਂ ਮੰਨੀਆਂ ਜਾਣ। 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਤੇ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਪਲਸ ਮੰਚ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ’ਚ ਭਰਵੀਂ ਸ਼ਮੂਲੀਅਤ ਦਾ ਫੈਸਲਾ ਕੀਤਾ ਗਿਆ।
ਮੀਟਿੰਗ ’ਚ ਕੁਲਵੰਤ ਸਿੰਘ ਕਿਸ਼ਨਗੜ੍ਹ, ਗੁਰਦੇਵ ਸਿੰਘ ਮਾਂਗੇਵਾਲ, ਅੰਗਰੇਜ਼ ਸਿੰਘ ਭਦੌੜ, ਜੁਗਰਾਜ ਸਿੰਘ ਹਰਦਾਸਪੁਰਾ, ਹਰਵਿੰਦਰ ਸਿੰਘ ਕੋਟਲੀ, ਪਰਮਿੰਦਰ ਸਿੰਘ ਦੁੱਗਾਂ, ਤਰਸੇਮ ਸਿੰਘ ਬੱਸੂਵਾਲ, ਜਸਵਿੰਦਰ ਸਿੰਘ ਬਿੰਦੂ ਸੁੰਨੜਵਾਲ, ਪ੍ਰਦੀਪ ਮੁਸਾਹਿਬ, ਗੁਰਦੇਵ ਸਿੰਘ ਕਪੂਰਥਲਾ, ਸੁਰਜੀਤ ਸਿੰਘ ਕਪੂਰਥਲਾ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਸਤਨਾਮ ਸਿੰਘ ਬਰਨਾਲਾ, ਨਵਨੀਤ ਅਤੇ ਬਹਾਦਰ ਸਿੰਘ ਸਮੇਤ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।