ਈਡੀ (ED), ਸੀਬੀਆਈ (CBI), ਇਨਕਮ ਟੈਕਸ ਅਤੇ ਚੋਣ ਕਮਿਸ਼ਨ ਨੂੰ ਭਾਜਪਾ ਵੱਲੋਂ ਹਥਿਆਰਾਂ ਵਜੋਂ ਵਰਤਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹਾ ਕਿ ਇਨ੍ਹਾਂ ਹਥਿਆਰਾਂ ਨੂੰ ਭਾਜਪਾ ਰਾਜਨੀਤੀ ਲਈ ਵਰਤ ਰਹੀ ਹੈ ਅਤੇ ਹੋਰਨਾਂ ਰਾਜਾਂ ਤੋਂ ਬਾਅਦ ਹੁਣ ਪੰਜਾਬ ਭਾਜਪਾ ਦੇ ਨਿਸ਼ਾਨੇ 'ਤੇ ਹੈ। ਪੂਰੇ ਦੇਸ਼ ਵਿੱਚ ਭਾਜਪਾ ਦੇ ਕੰਮ ਕਰਨ ਦਾ ਇਹੀ ਤਰੀਕਾ ਹੈ, ਜਿਸ ਦਾ ਸਾਹਮਣਾ ਹੁਣ ਪੰਜਾਬ ਨੂੰ ਕਰਨਾ ਪੈ ਰਿਹਾ ਹੈ।

ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਲੈਂਦਿਆਂ ਸਿੱਧੇ ਤੌਰ 'ਤੇ ਭਾਜਪਾ ਨੂੰ ਸਖ਼ਤ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਇਹ ਹਥਿਆਰ ਦੂਜੇ ਰਾਜਾਂ ਵਿੱਚ ਚੱਲ ਸਕਦੇ ਹਨ ਪਰ ਪੰਜਾਬ ਵਿੱਚ ਭਾਜਪਾ ਆਪਣੇ ਇਨ੍ਹਾਂ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਵੇਗੀ। ਉਹ ਚਾਰ ਦਿਨਾਂ ਤੋਂ 'ਸ਼ੁਕਰਾਨਾ ਯਾਤਰਾ' 'ਤੇ ਨਿਕਲੇ ਹੋਏ ਹਨ ਅਤੇ ਇਨ੍ਹਾਂ ਚਾਰ ਦਿਨਾਂ ਵਿੱਚ ਹੀ ਕਦੇ ਧਮਾਕੇ ਅਤੇ ਕਦੇ ਈਡੀ ਦੀ ਛਾਪੇਮਾਰੀ ਕਰਵਾਈ ਜਾ ਰਹੀ ਹੈ।
ਇਹ ਸ਼ੁਕਰਾਨਾ ਯਾਤਰਾ ਨੂੰ ਅਸਫ਼ਲ ਕਰਨ ਦੀ ਕੋਸ਼ਿਸ਼ ਵੀ ਹੈ। ਮਾਨ ਨੇ ਕਿਹਾ ਕਿ ਪੰਜਾਬ ਨੂੰ ਨਿਸ਼ਾਨਾ ਬਣਾਉਣ ਵਿੱਚ ਭਾਜਪਾ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਪਿਛਲੇ ਦਿਨੀਂ ਇੱਕ ਕਾਰੋਬਾਰੀ ਦੇ ਟਿਕਾਣੇ 'ਤੇ ਈਡੀ ਦੀ ਰੇਡ ਹੋਈ ਸੀ ਅਤੇ ਇਸ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਜੋੜਿਆ ਜਾ ਰਿਹਾ ਹੈ। ਇਹ ਡਰਾਉਣ ਦੀ ਕੋਸ਼ਿਸ਼ ਹੈ, ਪਰ ਇਸ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ 'ਤੇ ਟਿੱਪਣੀ ਕਰਦਿਆਂ ਮਾਨ ਨੇ ਕਿਹਾ ਕਿ ਕੀ ਹੁਣ ਭਾਜਪਾ ਉਨ੍ਹਾਂ ਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡੇਗੀ?
ਭਾਜਪਾ ਨੇ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਉੜੀਸਾ ਵਿੱਚ ਅਰਾਜਕਤਾ ਫੈਲਾਈ ਅਤੇ ਉਸ ਤੋਂ ਬਾਅਦ ਉੱਥੇ ਵੋਟਾਂ ਮੰਗੀਆਂ। ਇਹ ਪਹਿਲਾਂ ਅੱਗ ਲਗਾਉਂਦੇ ਹਨ ਅਤੇ ਫਿਰ ਵੋਟਾਂ ਹਾਸਲ ਕਰਕੇ ਸਰਕਾਰ ਬਣਾਉਂਦੇ ਹਨ। ਬੰਗਾਲ ਵਿੱਚ ਭਾਜਪਾ ਨੇ ਨਾਅਰਾ ਲਗਾਇਆ ਸੀ ਕਿ 'ਬੰਗਾਲ ਵਿੱਚ ਸਰਕਾਰ ਸਾਡੀ ਹੈ ਅਤੇ ਹੁਣ ਪੰਜਾਬ ਦੀ ਵਾਰੀ ਹੈ'। ਇਸੇ ਨਾਅਰੇ ਤਹਿਤ ਹੁਣ ਭਾਜਪਾ ਪੰਜਾਬ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਹੁਣ 'ਭਾਰਤ ਜਲਾਓ ਪਾਰਟੀ' ਬਣ ਚੁੱਕੀ ਹੈ।
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 2026 'ਤੇ ਮਾਨ ਨੇ ਸਪੱਸ਼ਟ ਕੀਤਾ ਕਿ ਕਾਨੂੰਨ ਬਣ ਚੁੱਕਾ ਹੈ ਅਤੇ ਕਿਸੇ ਵੀ ਕੀਮਤ 'ਤੇ ਇਹ ਕਾਨੂੰਨ ਵਾਪਸ ਨਹੀਂ ਹੋਵੇਗਾ। ਗਵਰਨਰ ਵੱਲੋਂ ਇਸ 'ਤੇ ਹਸਤਾਖਰ ਕੀਤੇ ਜਾ ਚੁੱਕੇ ਹਨ। ਪੂਰੀ ਸਿੱਖ ਸੰਗਤ ਅਤੇ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਇਹ ਕਾਨੂੰਨ ਪਸੰਦ ਆਇਆ ਹੈ, ਪਰ ਇੱਕ ਪਰਿਵਾਰ ਨੂੰ ਇਹ ਕਾਨੂੰਨ ਪਸੰਦ ਨਹੀਂ ਆ ਰਿਹਾ, ਕਿਉਂਕਿ ਉਹ ਬੇਅਦਬੀ ਕਰਵਾਉਣ ਵਾਲਾ ਪਰਿਵਾਰ ਹੈ।
ਇਸ ਲਈ ਇਹ ਪਰਿਵਾਰ ਇਸ ਕਾਨੂੰਨ ਨੂੰ ਵਾਪਸ ਕਰਵਾਉਣ 'ਤੇ ਤੁਲਿਆ ਹੋਇਆ ਹੈ। ਇਹ ਪੰਥ ਹਿਤੈਸ਼ੀ ਬਣਨ ਦਾ ਢੌਂਗ ਕਰਦੇ ਹਨ, ਜਦਕਿ ਪੰਜਾਬ ਦੀਆਂ ਸੜਕਾਂ 'ਤੇ ਸ਼ੁਕਰਾਨਾ ਕਰਨ ਲਈ ਨਿਕਲੀ ਸੰਗਤ ਇਸ ਕਾਨੂੰਨ ਦੇ ਹੱਕ ਵਿੱਚ ਅਸਲ ਗਵਾਹੀ ਭਰਦੀ ਹੈ।