ਬੀਡੀਪੀਓ ਦਫ਼ਤਰੀ ਮੁਲਾਜ਼ਮਾਂ ਨੇ 21 ਤਕ ਹੜ੍ਹਤਾਲ ਕੀਤੀ ਖ਼ਤਮ
ਬੀਡੀਪੀਓ ਦਫ਼ਤਰੀ ਮੁਲਾਜ਼ਮਾਂ ਨੇ 21 ਤੱਕ ਹੜ੍ਹਤਾਲ ਕੀਤੀ ਖਤਮ
Publish Date: Thu, 14 May 2026 05:55 PM (IST)
Updated Date: Fri, 15 May 2026 04:06 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬੀਡੀਪੀਓ ਦਫ਼ਤਰ ਬਰਨਾਲਾ ਦੇ ਸਮੂਹ ਦਫ਼ਤਰੀ ਤੇ ਫੀਲਡ ਸਟਾਫ ਵੱਲੋਂ ਸੋਮਵਾਰ ਨੂੰ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਸੀ, ਪਰ ਡੀਸੀ ਬਰਨਾਲਾ ਕੋਲ ਮਿਲੇ ਭਰੋਸੇ ਤੋਂ ਬਾਅਦ ਮੁਲਾਜ਼ਮਾਂ ਨੇ 21 ਮਈ ਤਕ ਹੜ੍ਹਤਾਲ ਨੂੰ ਖ਼ਤਮ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਬੂਟਾ ਸਿੰਘ ਪੱਖੋ, ਕਰਨਦੀਪ ਚੰਦੇਲ, ਸਵਰਨ ਸਿੰਘ ਤੇ ਰੁਪਿੰਦਰਪਾਲ ਸਿੰਘ ਨੇ ਸਾਰੇ ਕਰਮਚਾਰੀਆਂ ਨੂੰ ਫਰਵਰੀ/2026 ਤੋਂ ਬਾਅਦ ਦੀ ਤਨਖਾਹ ਨਹੀਂ ਮਿਲੀ। ਇਸ ਕਾਰਨ ਕਰਮਚਾਰੀਆਂ ਦਾ ਗੁਜਾਰਾ ਹੋਣਾ ਮੁਸ਼ਕਲ ਹੈ। ਸਟਾਫ ਵੱਲੋਂ ਤਨਖਾਹ ਨਾ ਮਿਲਣ ਦਾ ਕਾਰਨ ਦੱਸਿਆ ਗਿਆ ਕਿ ਦਫ਼ਤਰ ਡੀਸੀ ਬਰਨਾਲਾ ਵੱਲੋਂ ਸਿਵਲ ਸੂਟ ਨੰਬਰ 314 ਆਫ 2021 ਵੀਰਪਾਲ ਕੌਰ ਬਨਾਮ ਪੰਜਾਬ ਸਰਕਾਰ ’ਚ ਪਏ ਮੁਆਵਜ਼ੇ ਦੀ ਰਕਮ 3150234/-ਰੁਪਏ ਅਦਾ ਕਰਨ ਲਈ ਪੰਚਾਇਤ ਸੰਮਤੀ ਬਰਨਾਲਾ ਦਾ ਖਾਤਾ ਮਾਣਯੋਗ ਕੋਰਟ ’ਚ ਦਿੱਤਾ ਗਿਆ ਹੈ। ਇਸ ਕਾਰਨ ਮਾਣਯੋਗ ਸਿਵਲ ਕੋਰਟ ਵੱਲੋਂ ਪੰਚਾਇਤ ਸੰਮਤੀ ਬਰਨਾਲਾ ਦੇ ਖਾਤੇ ਨੂੰ ਹੋਲਡ ’ਤੇ ਲਾ ਦਿੱਤਾ ਗਿਆ ਹੈ। ਮੁਲਾਜ਼ਮਾਂ ਵੱਲੋਂ ਰੋਸ ਵਜੋਂ ਇਹ ਹੜ੍ਹਤਾਲ ਸ਼ੁਰੂ ਕੀਤੀ ਗਈ ਸੀ, ਪਰ ਡੀਸੀ ਬਰਨਾਲਾ ਦੇ ਮਿਲੇ ਭਰੋਸ ਤੋਂ ਬਾਅਦ ਮੁਲਾਜ਼ਮਾਂ ਵੱਲੋਂ 21 ਮਈ ਤੱਕ ਹੜ੍ਹਤਾਲ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਹੜ੍ਹਤਾਲ ਫਿਰ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪਰਵਿੰਦਰ ਸਿੰਘ, ਕੰਵਰਵੀਰ ਸਿੰਘ, ਲਾਭ ਸਿੰਘ, ਪੰਚਾਇਤ ਅਫ਼ਸਰ ਹਰਭਜਨ ਸਿੰਘ, ਅਮਨਦੀਪ ਕੌਰ, ਨਿਤੀਸ਼ ਕੁਮਾਰ, ਰਮਨਦੀਪ ਕੌਰ ਸੁਪਰਡੈਂਟ, ਰਾਜ ਕੁਮਾਰ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਖੁਸਵਿੰਦਰ ਸਿੰਘ ਸੰਮਤੀ ਪਟਵਾਰੀ, ਰਣਧੀਰ ਸਿੰਘ ਤੇ ਸੰਦੀਪ ਸਿੰਘ ਆਦਿ ਹਾਜ਼ਰ ਸਨ।