ਨੌਜਵਾਨ ਦੇ ਕਤਲ ਮਾਮਲੇ ’ਚ 3 ਕਾਬੂ
ਬਰਨਾਲਾ ਪੁਲਿਸ ਵਲੋਂ ਨੌਜਵਾਨ ਦੇ ਕਤਲ ਮਾਮਲੇ ’ਚ ਤਿੰਨ ਕਾਬੂ
Publish Date: Mon, 06 Oct 2025 05:52 PM (IST)
Updated Date: Tue, 07 Oct 2025 04:05 AM (IST)

: ਦੁਸਹਿਰੇ ਵਾਲੇ ਦਿਨ ਨੌਜਵਾਨ ਦਾ ਕਿਰਚ ਮਾਰਕੇ ਕੀਤਾ ਸੀ ਕਤਲ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਦੁਸਹਿਰੇ ਵਾਲੇ ਦਿਨ ਇੱਕ ਨੌਜਵਾਨ ਦੇ ਕਤਲ ਮਾਮਲੇ ’ਚ ਬਰਨਾਲਾ ਪੁਲਿਸ ਨੇ ਕਾਤਲਾਂ ਨੂੰ 48 ਘੰਟਿਆਂ ਦੇ ਅੰਦਰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਕੁਝ ਅਣਪਛਾਤੇ ਵਿਅਕਤੀਆਂ ਨੇ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰਨਾਲਾ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਬਰਨਾਲਾ ਨੇ ਮ੍ਰਿਤਕ ਹੀਰਾ ਸਿੰਘ ਦੇ ਪਿਤਾ ਭੋਲਾ ਸਿੰਘ ਦੇ ਬਿਆਨ ਦੇ ਆਧਾਰ ’ਤੇ 5/6 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ-449 ਥਾਣਾ ਸਿਟੀ ਇਕ ਬਰਨਾਲਾ ਵਿਖੇ ਦਰਜ ਕੀਤਾ ਸੀ। ਉਨ੍ਹਾ ਦੱਸਿਆ ਕਿ ਇਸ ਮਾਮਲੇ ਨੂੰ ਟਰੇਸ ਕਰਨ ਸਬੰਧੀ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ, ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ, ਥਾਣੇਦਾਰ ਚਰਨਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਬਰਨਾਲਾ ਤੇ ਇੰਸਪੈਕਟਰ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਬਰਨਾਲਾ ਦੀਆਂ ਟੀਮਾਂ ਦਾ ਗਠਿਤ ਕੀਤਾ ਗਿਆ ਸੀ। ਪੁਲਿਸ ਨੇ 48 ਘੰਟਿਆਂ ਦੇ ਅੰਦਰ ਅੰਦਰ ਕਾਤਲਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਕਿੰਦਾ ਉਰਫ ਨਾਨੂ ਪੁੱਤਰ ਬੀਰਬਲ ਸਿੰਘ ਵਾਸੀ ਬੰਗਲਾ ਪੱਤੀ ਸੇਖਾ, ਬਲਜਿੰਦਰ ਸਿੰਘ ਉਰਫ ਹਰਮਨ ਸਿੰਘ ਉਰਫ ਨੇਪਾਲੀ ਪੁੱਤਰ ਜਗਤਾਰ ਸਿੰਘ ਵਾਸੀ ਬੰਗਲਾ ਪੱਤੀ ਸੇਖਾ ਤੇ ਦਿਲਪ੍ਰੀਤ ਸਿੰਘ ਉਰਫ ਸੰਜੇ ਪੁੱਤਰ ਅਮਨਦੀਪ ਸਿੰਘ ਵਾਸੀ ਕੁੰਬੜਵਾਲ ਰੋਡ ਸੇਖਾ ਵਜੋਂ ਹੋਈ ਹੈ। ਉਨ੍ਹਾ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਸਾਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। : ਇਹ ਹੈ ਪੂਰਾ ਮਾਮਲਾ ਜ਼ਿਕਰਯੋਗ ਹੈ ਕਿ ਮ੍ਰਿਤਕ ਹੀਰਾ ਸਿੰਘ ਦੇ ਪਿਤਾ ਭੋਲਾ ਸਿੰਘ, ਪਤਨੀ ਰੀਟਾ, ਮਾਤਾ ਹਰਬੰਸ ਕੌਰ, ਚਾਚਾ ਹਰਜੀਤ ਸਿੰਘ ਤੇ ਨਿਰਮਲ ਸਿੰਘ ਪਰਿਵਾਰਕ ਮੈਂਬਰਾਂ ਅਨੁਸਾਰ ਦੁਸਹਿਰੇ ਮੌਕੇ ਮ੍ਰਿਤਕ ਹੀਰਾ ਸਿੰਘ ਦੁਸਹਿਰਾ ਦੇਖਣ ਗਿਆ ਸੀ, ਪਰ ਦੁਸਹਿਰੇ ’ਚ ਦੋ ਧਿਰਾਂ ਦੀ ਆਪਸੀ ਲੜਾਈ ਝਗੜਾ ਹੋ ਰਿਹਾ ਸੀ। ਜਿਸ ’ਚ ਉਨ੍ਹਾਂ ਦਾ ਪੁੱਤਰ ਹੀਰਾ ਸਿੰਘ ਬੇਵਜ੍ਹਾ ਕਤਲ ਦਾ ਸ਼ਿਕਾਰ ਹੋ ਗਿਆ ਸੀ। ਦੁਸਹਿਰੇ ’ਚ ਹੀਰਾ ਸਿੰਘ ਦਾ ਕਿਸੇ ਨਾਲ ਵੀ ਕੋਈ ਲੜਾਈ-ਝਗੜਾ ਨਹੀਂ ਸੀ। ਪਰ ਕੁਝ ਕਾਤਲਾਂ ਨੇ ਉਨ੍ਹਾਂ ਦੇ ਪੁੱਤ ਦਾ ਕਿਰਚ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਆਰਥਿਕ ਮੁਆਵਜ਼ਾ ਰਾਸ਼ੀ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਸੀ। : ਮਾੜੇ ਅਨਸਰਾਂ ਨੂੰ ਬਖਸਿਆ ਨਹੀਂ ਜਾਵੇਗਾ: ਡੀਐੱਸਪੀ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਐਸਪੀ ਡੀ ਅਸੋਕ ਕੁਮਾਰ ਦੀ ਅਗਵਾਈ ਹੇਠ ਇਸ ਮਾਮਲੇ ਨੂੰ ਬਹੁਤ ਡੂੰਘਾਈ ਨਾਲ ਸੁਲਝਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸਿਆ ਨਹੀਂ ਜਾਵੇਗਾ। ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿੱਤੀ ਨੂੰ ਬਰਕਰਾਰ ਰੱਖਿਆ ਜਾਵੇਗਾ। ਕਿਸੇ ਵੀ ਮਾੜੇ ਅਨਸਰ ਨੂੰ ਬਖਸਿਆ ਨਹੀਂ ਜਾਵੇਗਾ। ਬਰਨਾਲਾ ਪੁਲਿਸ ਲੋਕਾਂ ਦੀ ਮੱਦਦ ਲਈ ਹਰ ਸਮੇਂ ਤਤਪਰ ਰਹਿੰਦੀ ਹੈ।