Barnala News : ਸੇਵਾਦਾਰਾਂ 'ਤੇ ਜਾਨਲੇਵਾ ਹਮਲਾ, ਦੋ ਜਣੇ ਜ਼ਖ਼ਮੀ; ਜਾਂਚ 'ਚ ਜੁਟੀ ਪੁਲਿਸ
ਉਨ੍ਹਾਂ ਦੱਸਿਆ ਕਿ ਉਹ ਗੱਡੀ 'ਚ ਸਵਾਰ ਹੋ ਕੇ ਆਪਣੇ ਗੁਰੂਆਂ ਨੂੰ ਮਿਲਣ ਆਏ ਸਨ ਕਿ ਪਿੰਡ ਦੇ ਕੁਝ ਨਾ-ਮਾਲੂਮ ਵਿਅਕਤੀਆਂ ਨੇ ਡੰਡਿਆਂ ਅਤੇ ਕਿਰਪਾਨਾਂ ਨਾਲ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
Publish Date: Thu, 16 Apr 2026 06:11 PM (IST)
Updated Date: Thu, 16 Apr 2026 06:16 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸਥਾਨਕ ਇੱਕ ਧਾਰਮਿਕ ਡੇਰੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਡੇਰੇ ਦੇ ਸੇਵਾਦਾਰਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿੱਚ ਦੋ ਸੇਵਾਦਾਰਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਸਿਵਲ ਹਸਪਤਾਲ ਤਪਾ ਵਿਖੇ ਜ਼ੇਰੇ ਇਲਾਜ ਦੋ ਸੇਵਾਦਾਰਾਂ ਮਹੰਤ ਪਿਆਰਾ ਸਿੰਘ ਅਤੇ ਮਹੰਤ ਸੁਖਪ੍ਰੀਤ ਸਿੰਘ ਵਾਸੀ ਕੋਟਫੱਤਾ ਨੇ ਦੱਸਿਆ ਗਿਆ ਕਿ ਉਹ ਲਗਪਗ 25-30 ਸਾਲਾਂ ਤੋਂ ਨੈਣੇਵਾਲ ਪਿੰਡ ਵਿਖੇ ਸਥਿਤ ਡੇਰਾ ਬਾਬਾ ਰਾਮ ਸਿੰਘ ਦੇ ਸੰਚਾਲਕ ਮਹਾਤਮਾ ਜਗਤਾਰ ਸਿੰਘ ਜੀ ਕੋਲ ਨਤਮਸਤਕ ਹੋਣ ਲਈ ਆਉਂਦੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੇ ਹੀ ਕੁਝ ਲੋਕ ਡੇਰੇ ਨੂੰ ਹਥਿਆਉਣ ਅਤੇ ਉੱਥੇ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਗੱਡੀ 'ਚ ਸਵਾਰ ਹੋ ਕੇ ਆਪਣੇ ਗੁਰੂਆਂ ਨੂੰ ਮਿਲਣ ਆਏ ਸਨ ਕਿ ਪਿੰਡ ਦੇ ਕੁਝ ਨਾ-ਮਾਲੂਮ ਵਿਅਕਤੀਆਂ ਨੇ ਡੰਡਿਆਂ ਅਤੇ ਕਿਰਪਾਨਾਂ ਨਾਲ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਹੋਰ ਸੇਵਾਦਾਰ ਮੌਕੇ ’ਤੇ ਪਹੁੰਚੇ ਅਤੇ ਭਦੌੜ ਪੁਲਿਸ ਨੂੰ ਵੀ ਸੂਚਨਾ। ਡੇਰੇ 'ਚ ਮੌਜੂਦ ਹੋਰ ਸੇਵਾਦਾਰਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਤਪਾ ਵਿਚ ਦਾਖਲ ਕਰਵਾਇਆ ਗਿਆ। ਮਾਮਲੇ ’ਚ ਜਦ ਥਾਣਾ ਮੁਖੀ ਭਦੋੜ ਇੰਸਪੈਕਟਰ ਹਰਸਿਮਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ ਹਸਪਤਾਲ ਤਪਾ ਤੋਂ ਰੂਕਾ ਮਿਲਣ ਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਜੋ ਵੀ ਕਾਰਵਾਈ ਹੈ ਅਮਲ ‘ਚ ਲਿਆਂਦੀ ਜਾਵੇਗੀ।