ਜਮਹੂਰੀ ਅਧਿਕਾਰ ਸਭਾ ਦੇ ਸੱਦੇ 'ਤੇ ਬਰਨਾਲਾ ਜ਼ਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਵਿਰੁੱਧ ਕੀਤੇ ਨਿਹੱਕੇ ਹਮਲੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਕਚਹਿਰੀ ਚੌਕ ਵਿਚ ਪ੍ਰਭਾਵਸ਼ਾਲੀ ਰੈਲੀ ਕਰਨ ਉਪਰੰਤ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜਮਹੂਰੀ ਅਧਿਕਾਰ ਸਭਾ ਦੇ ਸੱਦੇ 'ਤੇ ਬਰਨਾਲਾ ਜ਼ਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਵਿਰੁੱਧ ਕੀਤੇ ਨਿਹੱਕੇ ਹਮਲੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਕਚਹਿਰੀ ਚੌਕ ਵਿਚ ਪ੍ਰਭਾਵਸ਼ਾਲੀ ਰੈਲੀ ਕਰਨ ਉਪਰੰਤ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।
ਰੈਲੀ ਨੂੰ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਮਾਝੀ, ਇਨਕਲਾਬੀ ਕੇਂਦਰ ਦੇ ਜਿਲ੍ਹਾ ਪ੍ਰਧਾਨ ਡਾਕਟਰ ਰਾਜਿੰਦਰ ਪਾਲ, ਡਾਕਟਰ ਜਸਵੀਰ ਸਿੰਘ ਔਲਖ, ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ, ਬੀਕੇਯੂ ਉਗਰਾਹਾਂ ਦੇ ਦਰਸਨ ਸਿੰਘ ਚੀਮਾ, ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਮਨਜੀਤ ਰਾਜ, ਡੀਟੀਐਫ ਦੇ ਆਗੂ ਰਾਜੀਵ ਕੁਮਾਰ,ਮੁਲਾਜਮ ਆਗੂ ਕਰਮਜੀਤ ਬੀਹਲਾ,ਤਰਕਸੀਲ ਆਗੂ ਮਾਸਟਰ ਰਾਜਿੰਦਰ ਭਦੌੜ, ਮੁਸਲਿਮ ਭਾਈਚਾਰੇ ਦੇ ਆਗੂ ਇਕਬਾਲਦੀਨ ਬਾਠਾਂ, ਇਰਫਾਨ ਮੁਹੰਮਦ ਮਜ਼ਦੂਰ ਆਗੂ ਹਰਮਨਜੀਤ ਸਿੰਘ, ਲਾਭ ਸਿੰਘ ਅਕਲੀਆ, ਖੁਸ਼ੀਆ ਸਿੰਘ ਨੇ ਸੰਬੋਧਨ ਕੀਤਾ।
ਅਮਰੀਕਾ ਤੇ ਇਜ਼ਰਾਈਲ ਨੂੰ ਦੁਨੀਆ ਦੀ ਕਾਨੂੰਨ ਵਿਵਸਥਾ ਤੇ ਸਾਂਤੀ ਲਈ ਵੱਡਾ ਖਤਰਾ ਕਰਾਰ ਦਿੰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ਵੱਖ-ਵੱਖ ਮੁਲਕਾਂ ਉਪਰ ਨਿਹੱਕੇ ਹਮਲੇ ਕਰਦਾ ਆ ਰਿਹਾ ਹੈ। ਵੀਅਤਨਾਮ, ਇਰਾਕ, ਅਫਗਾਨਿਸਤਾਨ, ਸੀਰੀਆ ਆਦਿ ਅਨੇਕਾਂ ਮੁਲਕਾਂ ਵਿਚ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਚੁੱਕਾ ਹੈ। ਖਾੜੀ ਖੇਤਰ ਵਿਚ ਇਸ ਨੇ ਇਜ਼ਰਾਈਲ ਨੂੰ ਆਪਣੀ ਪੁਲਿਸ ਚੌਕੀ ਬਣਾ ਰੱਖਿਆ ਹੈ ਅਤੇ ਇਸ ਖੇਤਰ ਦੇ ਭੂ ਖਜਾਨਿਆਂ ਨੂੰ ਦੋਵੇਂ ਹੱਥੀਂ ਲੁੱਟ ਰਿਹਾ ਹੈ। ਇਜ਼ਰਾਈਲ ਨੇ ਪਿਛਲੇ ਦੋ ਸਾਲਾਂ ਦੌਰਾਨ ਫਲਸਤੀਨ ਦੇ 70 ਹਜ਼ਾਰ ਬੱਚਿਆਂ, ਔਰਤਾਂ, ਬਜੁਰਗਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੂਰਾ ਮੁਲਕ ਮਲੀਆਮੇਟ ਕਰ ਦਿਤਾ। ਉਹੀ ਇਜ਼ਰਾਈਲ ਹੁਣ ਈਰਾਨ ਦੇ ਲੋਕਾਂ ਦੀਆਂ ਜਾਨਾਂ ਦਾ ਖੌਅ ਬਣਿਆ ਹੋਇਆ।
ਬੁਲਾਰਿਆਂ ਨੇ ਭਾਰਤ ਸਰਕਾਰ ਵੱਲੋਂ ਇਸ ਜਾਲਮਾਨਾ ਕਾਰਵਾਈ 'ਤੇ ਵੱਟੀ ਚੁੱਪ ਦੀ ਸਖ਼ਤ ਨਿਖੇਧੀ ਕੀਤੀ। ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਹਮਲੇ ਤੋਂ ਚੰਦ ਘੰਟੇ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਜੱਫੀਆਂ ਪਾ ਰਿਹਾ ਸੀ। ਭਾਰਤ ਸਰਕਾਰ ਨੰਗੇ ਚਿੱਟੇ ਰੂਪ ਵਿਚ ਧਾੜਵੀਆਂ ਦੇ ਹੱਕ ਵਿਚ ਖੜ੍ਹੀ ਨਜ਼ਰ ਆਉਂਦੀ ਹੈ।
ਈਰਾਨ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਨ ਵਾਲਿਆਂ ਉਪਰ ਤਸ਼ੱਦਦ ਕੀਤਾ ਜਾ ਰਿਹਾ ਹੈ। ਰੈਲੀ ਤੋਂ ਬਾਅਦ ਡੀਸੀ ਦਫ਼ਤਰ ਤੱਕ ਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ ਆਕਾਸ਼ ਗੁੰਜਾਊ ਨਾਅਰਿਆਂ ਰਾਹੀਂ ਅਮਰੀਕਨ ਤੇ ਇਜ਼ਰਾਇਲੀ ਧਾੜਵੀਆਂ ਨੂੰ ਤਾੜਨਾ ਕੀਤੀ ਗਈ ਕਿ ਉਹ ਤੁਰੰਤ ਜੰਗਬੰਦੀ ਕਰੇ ਅਤੇ ਇਰਾਨ ਤੋਂ ਹੱਥ ਪਿੱਛੇ ਖਿੱਚੇ।
ਆਗੂਆਂ ਨੇ ਭਾਰਤ ਸਰਕਾਰ ਨੂੰ ਧਾੜਵੀ ਮੁਲਕਾਂ ਖਿ਼ਲਾਫ਼ ਨਿੱਤਰ ਕੇ ਸਾਹਮਣੇ ਆਉਣ ਲਈ ਅਤੇ ਈਰਾਨ ਦੇ ਹੱਕ ਵਿਚ ਮੁਜ਼ਾਹਰੇ ਕਰਨ ਵਾਲੇ ਭਾਰਤੀਆਂ 'ਤੇ ਤਸ਼ੱਦਦ ਕਰਨਾ ਬੰਦ ਕਰੇ।
ਇਸ ਮੌਕੇ ਮਾਸਟਰ ਮਨੋਹਰ ਲਾਲ, ਇਕਬਾਲ ਕੌਰ ਉਦਾਸੀ, ਰਾਜੀਵ ਕੁਮਾਰ ਡੀਟੀਐੱਫ ਮਨਦੀਪ, ਗੁਰਮੇਲ ਸਿੰਘ ਠੁਲੀਵਾਲ, ਡਾਕਟਰ ਹਰਭਗਵਾਨ, ਸੋਹਣ ਸਿੰਘ ਬਡਬਰ ਆਦਿ ਪੰਤਵੰਤੇ ਹਾਜਰ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਭਾ ਦੇ ਸਕੱਤਰ ਬਿੱਕਰ ਸਿੰਘ ਔਲਖ ਨੇ ਨਿਭਾਈ। ਨਰਿੰਦਰ ਸਿੰਗਲਾ ਤੇ ਬਲਦੇਵ ਮੰਡੇਰ ਨੇ ਗੀਤ ਸੁਣਾਏ।