ਬੇ ਦੇ ਉਦਯੋਗਿਕ ਤੇ ਸਿਆਸੀ ਗਲਿਆਰਿਆਂ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੰਜਾਬ ਦੇ ਸਭ ਤੋਂ ਵੱਧ ਅਮੀਰ ਉਦਯੋਗਿਕ ਘਰਾਣੇ ਟ੍ਰਾਈਡੈਂਟ ਗਰੁੱਪ ਦੇ ਧੌਲਾ ਸਥਿਤ ਕੰਪਲੈਕਸ 'ਚ ਵੀਰਵਾਰ ਨੂੰ ਦੁਪਹਿਰ ਸਮੇਂ ਪ੍ਰਦੂਸ਼ਣ ਵਿਭਾਗ ਨੇ ਇੱਕ ਵੱਡੀ ਤੇ ਅਚਾਨਕ ਰੇਡ ਕੀਤੀ।
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੂਬੇ ਦੇ ਉਦਯੋਗਿਕ ਤੇ ਸਿਆਸੀ ਗਲਿਆਰਿਆਂ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੰਜਾਬ ਦੇ ਸਭ ਤੋਂ ਵੱਧ ਅਮੀਰ ਉਦਯੋਗਿਕ ਘਰਾਣੇ ਟ੍ਰਾਈਡੈਂਟ ਗਰੁੱਪ ਦੇ ਧੌਲਾ ਸਥਿਤ ਕੰਪਲੈਕਸ 'ਚ ਵੀਰਵਾਰ ਨੂੰ ਦੁਪਹਿਰ ਸਮੇਂ ਪ੍ਰਦੂਸ਼ਣ ਵਿਭਾਗ ਨੇ ਇੱਕ ਵੱਡੀ ਤੇ ਅਚਾਨਕ ਰੇਡ ਕੀਤੀ। ਇਹ ਕਾਰਵਾਈ ਆਮ ਨਾਲੋਂ ਕਾਫੀ ਵੱਡੀ ਮੰਨੀ ਜਾ ਰਹੀ ਹੈ, ਕਿਉਂਕਿ ਵਿਭਾਗ ਦੀ ਟੀਮ ਲਗਪਗ ਨੌਂ ਗੱਡੀਆਂ ਦੇ ਵੱਡੇ ਕਾਫਲੇ ਨਾਲ ਪਹੁੰਚੀ ਸੀ ਤੇ ਪੂਰੀ ਕਾਰਵਾਈ ਦੀ ਅਗਵਾਈ ਐੱਸਈ (ਸੁਪਰਡੈਂਟ ਇੰਜੀਨੀਅਰ) ਪੱਧਰ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਦੇਰ ਸ਼ਾਮ ਤੱਕ ਵਿਭਾਗ ਦੇ ਅਧਿਕਾਰੀ ਫੈਕਟਰੀ ਦੇ ਅੰਦਰ ਬਾਰੀਕੀ ਨਾਲ ਜਾਂਚ ਕਰ ਰਹੇ ਸਨ।
ਇਸ ਰੇਡ ਨੇ ਚਰਚਾਵਾਂ ਦਾ ਬਾਜ਼ਾਰ ਇਸ ਲਈ ਗਰਮ ਕਰ ਦਿੱਤਾ ਹੈ ਕਿਉਂਕਿ ਟ੍ਰਾਈਡੈਂਟ ਗਰੁੱਪ ਇਨੀਂ ਦਿਨੀਂ ਕਈ ਵੱਖ-ਵੱਖ ਕਾਰਨਾਂ ਕਰਕੇ ਖ਼ਬਰਾਂ ਦੇ ਕੇਂਦਰ 'ਚ ਬਣਿਆ ਹੋਇਆ ਹੈ। ਇਹ ਕਾਰਵਾਈ ਸਿਰਫ਼ ਇੱਕ ਇਤਫ਼ਾਕ ਹੈ ਜਾਂ ਇਸਦੇ ਪਿੱਛੇ ਕੋਈ ਡੂੰਘਾ ਰਾਜਨੀਤਿਕ ਤੇ ਸੁਰੱਖਿਆ ਨਾਲ ਜੁੜਿਆ ਕੋਣ ਹੈ, ਇਸ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਸਮੇਂ 'ਤੇ ਉੱਠ ਰਹੇ ਸਵਾਲ : ਭਾਜਪਾ 'ਚ ਸ਼ਾਮਲ ਹੋਣ ਦਾ ਅਸਰ?
ਰੇਡ ਦਾ ਸਮਾਂ ਇਸ ਪੂਰੀ ਘਟਨਾ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ। ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਤੇ ਪਦਮਸ਼੍ਰੀ ਨਾਲ ਸਨਮਾਨਿਤ ਉੱਘੇ ਉਦਯੋਗਪਤੀ ਰਾਜਿੰਦਰ ਗੁਪਤਾ ਨੇ ਅਜੇ ਕੁਝ ਦਿਨ ਪਹਿਲਾਂ ਹੀ ਆਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ। ਇੱਕ ਪ੍ਰਮੁੱਖ ਉਦਯੋਗਪਤੀ ਦਾ ਭਾਜਪਾ 'ਚ ਸ਼ਾਮਲ ਹੋਣਾ ਰਾਜ ਦੀ ਸਿਆਸਤ 'ਚ ਇੱਕ ਵੱਡੀ ਹਲਚਲ ਵਜੋਂ ਦੇਖਿਆ ਜਾ ਰਿਹਾ ਸੀ।
ਉਨ੍ਹਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਤੁਰੰਤ ਬਾਅਦ ਇਸ ਤਰ੍ਹਾਂ ਦੀ ਪੰਜਾਬ ਸਰਕਾਰ ਦੀ ਵਿਭਾਗੀ ਕਾਰਵਾਈ ਨੇ ਸਥਾਨਕ ਪੱਧਰ 'ਤੇ ਕਈ ਤਰ੍ਹਾਂ ਦੇ ਰਾਜਨੀਤਿਕ ਅੰਦਾਜ਼ਿਆਂ ਨੂੰ ਜਨਮ ਦੇ ਦਿੱਤਾ ਹੈ। ਸਵਾਲ ਇਹ ਉੱਠ ਰਹੇ ਹਨ ਕਿ ਕੀ ਇਹ ਰੇਡ ਰਾਜਨੀਤਿਕ ਦਬਾਅ ਦਾ ਹਿੱਸਾ ਹੈ ਜਾਂ ਕੋਈ ਸੁਤੰਤਰ ਵਿਭਾਗੀ ਕਾਰਵਾਈ?
ਫਿਲਹਾਲ, ਪ੍ਰਦੂਸ਼ਣ ਵਿਭਾਗ ਵੱਲੋਂ ਇਸ ਰੇਡ ਦੇ ਪਿੱਛੇ ਦੇ ਅਸਲ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਦੇਖਣਾ ਬਾਕੀ ਹੈ ਕਿ ਇਹ ਜਾਂਚ ਕਿਸੇ ਨਿਯਮਤ ਉਦਯੋਗਿਕ ਨਿਰੀਖਣ ਦਾ ਹਿੱਸਾ ਹੈ ਜਾਂ ਇਸਦੇ ਪਿੱਛੇ ਕੋਈ ਵੱਡੀ ਰਾਜਨੀਤਿਕ ਜਾਂ ਸੁਰੱਖਿਆ ਨਾਲ ਜੁੜੀ ਸਾਜ਼ਿਸ਼ ਹੈ। ਬਰਨਾਲਾ ਦੇ ਰਾਜਨੀਤਿਕ ਤੇ ਉਦਯੋਗਿਕ ਖੇਤਰ ਦੀ ਨਜ਼ਰ ਹੁਣ ਇਸ ਰੇਡ ਦੇ ਨਤੀਜਿਆਂ ਤੇ ਵਿਭਾਗ ਦੇ ਅਧਿਕਾਰਤ ਬਿਆਨ 'ਤੇ ਟਿਕੀ ਹੋਈ ਹੈ। ਆਗਾਮੀ ਦਿਨਾਂ ਵਿੱਚ ਬਰਨਾਲੇ ਦੀ ਸਿਆਸਤ ਵੀ ਕਈ ਨਵੇਂ ਰੰਗ ਖਿਲਾਰੇਗੀ।