ਵਾਰਡ-44 ਬਣੀ 'ਮੁੱਛ ਦਾ ਸਵਾਲ
ਬਰਨਾਲਾ ਨਿਗਮ ਚੋਣਾਂ: ਵਾਰਡ ਨੰਬਰ 44 ਬਣੀ 'ਮੁੱਛ ਦਾ ਸਵਾਲ', 'ਕੁੱਲੀਆਂ ਤੇ ਮਹਿਲਾਂ' ਦੀ ਅਨੋਖੀ ਜੰਗ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
Publish Date: Fri, 22 May 2026 06:45 PM (IST)
Updated Date: Sat, 23 May 2026 04:10 AM (IST)

ਕੁੱਲੀਆਂ ਤੇ ਮਹਿਲਾਂ ਦੀ ਅਨੋਖੀ ਜੰਗ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ -ਆਪ ਦੇ ਐੱਮਪੀ ਦਾ ਓਐੱਸਡੀ ਤੇ ਕਾਂਗਰਸ ਦੇ ਐੱਮਐੱਲਏ ਦਾ ਪੀਏ ਲੜ ਰਹੇ ਹਨ ਚੋਣ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ’ਚ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਦਾ ਬਿਗਲ ਵੱਜਣ ਤੇ ਨਾਮਜ਼ਦਗੀਆਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸਿਆਸੀ ਪਾਰਾ ਸਿਖਰਾਂ ’ਤੇ ਪਹੁੰਚ ਚੁੱਕਾ ਹੈ। ਇਸ ਵੇਲੇ ਪੂਰੇ ਸ਼ਹਿਰ ’ਚ ਨਗਰ ਨਿਗਮ ਦਾ ਵਾਰਡ ਨੰਬਰ 44 ਸਭ ਤੋਂ ਵੱਡੀ ਹੌਟ ਸੀਟ ਬਣ ਕੇ ਉੱਭਰਿਆ ਹੈ। ਇਹ ਮੁਕਾਬਲਾ ਸਿਰਫ਼ ਦੋ ਉਮੀਦਵਾਰਾਂ ਵਿਚਾਲੇ ਨਹੀਂ, ਬਲਕਿ ਆਮ ਆਦਮੀ ਪਾਰਟੀ ਦੇ ਹਲਕਾ ਸੰਸਦ ਮੈਂਬਰ (MP) ਗੁਰਮੀਤ ਸਿੰਘ ਮੀਤ ਹੇਅਰ ਤੇ ਕਾਂਗਰਸ ਦੇ ਸਥਾਨਕ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਲਈ ਵੱਕਾਰ ਦਾ ਸਵਾਲ ਬਣ ਗਿਆ ਹੈ। -ਅਮੀਰ ਬਨਾਮ ਆਮ ਵਰਕਰ ਦੀ ਟੱਕਰ ਸ਼ਹਿਰ ਵਾਸੀਆਂ ਤੇ ਸਿਆਸੀ ਮਾਹਰਾਂ ਵੱਲੋਂ ਇਸ ਚੋਣ ਨੂੰ ਕੁੱਲੀਆਂ ਤੇ ਮਹਿਲਾਂ ਦੀ ਟੱਕਰ ਵਜੋਂ ਦੇਖਿਆ ਜਾ ਰਿਹਾ ਹੈ। ਆਪ ਵੱਲੋਂ ਚੋਣ ਮੈਦਾਨ ’ਚ ਨਿੱਤਰੇ ਹਸਨਪ੍ਰੀਤ ਭਾਰਦਵਾਜ, ਜੋ ਕਿ ਐੱਮਪੀ ਮੀਤ ਹੇਅਰ ਦੇ ਓਐੱਸਡੀ ਹਨ, ਚੋਣ ਹਲਫ਼ਨਾਮੇ ਮੁਤਾਬਕ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਹਲਕੇ ’ਚ ਉਨ੍ਹਾਂ ਨੂੰ ਸੱਤਾਧਾਰੀ ਧਿਰ ਦੇ ਬੇਹੱਦ ਪ੍ਰਭਾਵਸ਼ਾਲੀ ਆਗੂ ਵਜੋਂ ਦੇਖਿਆ ਜਾਂਦਾ ਹੈ ਤੇ ਚਰਚਾ ਹੈ ਕਿ ਜਿੱਤਣ ਦੀ ਸੂਰਤ ’ਚ ਉਹ ਮੇਅਰ ਦੀ ਦੌੜ ’ਚ ਵੀ ਸਭ ਤੋਂ ਅੱਗੇ ਹੋ ਸਕਦੇ ਹਨ। ਦੂਜੇ ਪਾਸੇ, ਕਾਂਗਰਸੀ ਵਿਧਾਇਕ ਕਾਲਾ ਢਿੱਲੋਂ ਨੇ ਆਪਣੇ ਬੇਹੱਦ ਵਫ਼ਾਦਾਰ ਤੇ ਆਮ ਵਰਕਰ ਰਜਿੰਦਰ ਕੁਮਾਰ ਬਿੱਟੂ ਸ਼ਰਮਾ ਨੂੰ ਮੈਦਾਨ ’ਚ ਉਤਾਰਿਆ ਹੈ, ਜਿਨ੍ਹਾਂ ਕੋਲ ਹਲਫ਼ਨਾਮੇ ਮੁਤਾਬਕ ਆਪਣੀ ਕੋਈ ਨਿੱਜੀ ਜਾਇਦਾਦ ਨਹੀਂ ਹੈ ਤੇ ਸਿਰਫ਼ 50 ਹਜ਼ਾਰ ਰੁਪਏ ਦੀ ਨਕਦੀ ਹੈ। --ਬਾਗ਼ੀ ਤੇ ਵਿਰੋਧੀ ਵੀ ਤਿਆਰ ਇਸ ਮੁਕਾਬਲੇ ਨੂੰ ਹੋਰ ਦਿਲਚਸਪ ਬਣਾਉਂਦਿਆਂ ਆਪ ਦੇ ਪੁਰਾਣੇ ਆਗੂ ਓਮ ਪ੍ਰਕਾਸ਼ ਨੇ ਪਾਰਟੀ ਤੋਂ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਤਾਲ ਠੋਕ ਦਿੱਤੀ ਹੈ, ਜੋ ਸੱਤਾਧਾਰੀ ਧਿਰ ਦੀਆਂ ਵੋਟਾਂ ਨੂੰ ਸੰਨ੍ਹ ਲਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦੇਵ ਸਿੰਘ ਵੀ ਮੈਦਾਨ ’ਚ ਡਟੇ ਹੋਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ 26 ਮਈ ਨੂੰ ਵਾਰਡ ਦੇ ਵੋਟਰ ਸਿਆਸੀ ਪਾਵਰ ਤੇ ਪੈਸੇ ਵਾਲੇ ਸੁਪਰ ਓਐੱਸਡੀ ਨੂੰ ਚੁਣਦੇ ਹਨ ਜਾਂ ਫਿਰ ਬਿਨਾਂ ਜਾਇਦਾਦ ਵਾਲੇ ਆਮ ਕਾਂਗਰਸੀ ਵਰਕਰ ਦੇ ਸਿਰ ’ਤੇ ਜਿੱਤ ਦਾ ਤਾਜ ਸਜਾਉਂਦੇ ਹਨ।