ਬਰਨਾਲਾ: ਖਾਲੀ ਪਲਾਟ 'ਚੋਂ ਭੇਦਭਰੇ ਹਾਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼; ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਖ਼ਦਸ਼ਾ
ਸ਼ਹਿਰ ਦੀ ਸਰਦਾਰ ਹੈਡਲੂਮ ਵਾਲੀ ਗਲੀ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਇੱਕ ਖਾਲੀ ਪਲਾਟ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ (ਪੁੱਤਰ ਦਰਸ਼ਨ ਸਿੰਘ), ਨਿਵਾਸੀ ਪਿੰਡ ਜੋਗਾ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Publish Date: Wed, 29 Apr 2026 04:20 PM (IST)
Updated Date: Wed, 29 Apr 2026 04:24 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਸ਼ਹਿਰ ਦੀ ਸਰਦਾਰ ਹੈਡਲੂਮ ਵਾਲੀ ਗਲੀ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਇੱਕ ਖਾਲੀ ਪਲਾਟ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ (ਪੁੱਤਰ ਦਰਸ਼ਨ ਸਿੰਘ), ਨਿਵਾਸੀ ਪਿੰਡ ਜੋਗਾ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਬੱਸ ਸਟੈਂਡ ਚੌਂਕੀ ਦੇ ਇੰਚਾਰਜ ਏ.ਐਸ.ਆਈ. ਗੁਰਸਿਮਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰਦਾਰ ਹੈਡਲੂਮ ਨੇੜੇ ਇੱਕ ਖਾਲੀ ਪਲਾਟ ਵਿੱਚ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਮੌਕੇ 'ਤੇ ਪਹੁੰਚ ਕੇ ਜਦੋਂ ਜਾਂਚ ਕੀਤੀ ਗਈ ਤਾਂ ਮ੍ਰਿਤਕ ਦੀ ਸ਼ਨਾਖਤ ਜਸਪਾਲ ਸਿੰਘ ਵਜੋਂ ਹੋਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।
ਨਸ਼ੇ ਦੀ ਨਾਮੁਰਾਦ ਬਿਮਾਰੀ 'ਤੇ ਸ਼ੱਕ
ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਨਸ਼ੇ ਕਰਨ ਦਾ ਆਦੀ ਦੱਸਿਆ ਜਾ ਰਿਹਾ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਸਪਾਲ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੋ ਸਕਦੀ ਹੈ, ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।
ਕਾਨੂੰਨੀ ਕਾਰਵਾਈ ਜਾਰੀ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਘਟਨਾ ਨੇ ਸ਼ਹਿਰ ਵਿੱਚ ਇੱਕ ਵਾਰ ਫਿਰ ਨਸ਼ਿਆਂ ਦੇ ਕਹਿਰ ਬਾਰੇ ਚਰਚਾ ਛੇੜ ਦਿੱਤੀ ਹੈ।