ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਹੜਤਾਲ
ਬਰਨਾਲਾ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ
Publish Date: Wed, 20 May 2026 05:43 PM (IST)
Updated Date: Wed, 20 May 2026 05:46 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਬਰਨਾਲਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਦੇ ਸੱਦੇ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਜ਼ਿਲ੍ਹੇ ’ਚ ਦਵਾਈਆਂ ਦੀਆਂ ਦੁਕਾਨਾਂ ਪੂਰਨ ਤੌਰ ’ਤੇ ਬੰਦ ਰੱਖ ਕੇ ਹੜਤਾਲ ਕੀਤੀ ਗਈ ਅਤੇ ਵੱਖ-ਵੱਖ ਬਾਜ਼ਾਰਾਂ ’ਚੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਕੈਮਿਸਟ ਐਸੋਸੀਏਸ਼ਨ ਦੇ ਆਗੂਆਂ ਡਾ. ਰਵੀ ਬਾਂਸਲ, ਲਾਜਪਤ ਰਾਏ ਬਾਂਸਲ, ਨਰਿੰਦਰ ਅਰੋੜਾ, ਵਿਪਨ ਗੁਪਤਾ ਭਦੌੜ, ਮੁਨੀਰ ਮਿੱਤਲ, ਦੁਰਗੇਸ਼ ਕੁਮਾਰ, ਰਘੂ ਸਿੰਗਲਾ, ਸੋਨੀ ਧਨੌਲਾ, ਜਤਿੰਦਰ ਲੱਕੀ ਹੰਡਿਆਇਆ, ਰਵਿੰਦਰ ਬਿੱਲੀ ਬਲਵਿੰਦਰ ਧਨੌਲਾ, ਸ਼ੈਲੀ ਸ਼ਹਿਣਾ, ਖੁਸ਼ਦੀਪ ਤਪਾ, ਹਰਪਾਲ ਸਿੰਘ ਰੂੜੇਕੇ, ਚੰਦਰ ਸ਼ੇਖਰ ਹੰਡਿਆਇਆ, ਸੰਜੀਵ ਭਦੌੜ, ਗੁਰਪ੍ਰੀਤ ਸਿੰਘ ਅਣਖੀ ਆਦਿ ਨੇ ਕਿਹਾ ਕਿ ਆਨਲਾਈਨ ਫਾਰਮੇਸੀ ਨਾਲ ਜਿੱਥੇ ਕੈਮਿਸਟਾਂ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਹੈ। ਸਰਕਾਰਾਂ ਵੱਲੋਂ ਲਗਾਤਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦੇ ਦਿੱਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਕੈਮਿਸਟਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕੈਮਿਸਟਾਂ ਦੀਆਂ ਮੁੱਖ ਮੰਗਾਂ ਹਨ : ਆਨਲਾਈਨ ਫਾਰਮੇਸੀ ਬੰਦ ਕੀਤੀ ਜਾਵੇ, ਕੈਮਿਸਟਾਂ ਉੱਪਰ ਥੋਪਿਆ ਗਿਆ H1 ਰਜਿਸਟਰ ਰੱਦ ਕੀਤਾ ਜਾਵੇ, ਓਐੱਨਡੀਐੱਲਐੱਸ ਪੋਰਟਲ ’ਚ ਸੁਧਾਰ ਕੀਤਾ ਜਾਵੇ, ਜੀਐੱਸਆਰ 220 ਰੱਦ ਕੀਤੀ ਜਾਵੇ। ਇਨ੍ਹਾਂ ਮੰਗਾਂ ਨੂੰ ਲੈ ਕੇ ਕੈਮਿਸਟ ਐਸੋਸੀਏਸ਼ਨ ਵੱਲੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਮੈਂਬਰ ਪਾਰਲੀਮੈਂਟ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਕੈਮਿਸਟਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀ ਆਵਾਜ਼ ਉੱਪਰ ਤੱਕ ਜ਼ਰੂਰ ਪਹੁੰਚਾਈ ਜਾਵੇਗੀ। ਇਸ ਮੌਕੇ ਮੁੱਖ ਤੌਰ ’ਤੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਬਰਾੜ ਅਤੇ ਸਾਬਕਾ ਸੈਨਿਕ ਵਿੰਗ ਪੰਜਾਬ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਵੀ ਸਮਰਥਨ ਦਿੱਤਾ ਗਿਆ। ਇਸ ਮੌਕੇ ਜੀਵਨ ਕੁਮਾਰ, ਦਿਨੇਸ਼ ਡਾਇਮੰਡ, ਕਮਲਦੀਪ ਸਿੰਘ, ਰਜਿੰਦਰ ਐੱਲਜੀ, ਤਰੁਨਦੀਪ, ਬਿੰਦੂ ਜਿੰਦਲ, ਵਿਵੇਕ ਅਰੋੜਾ, ਪੁਨੀਤ ਬਾਬਾ, ਅਸ਼ੋਕ ਗਰਗ, ਲਲਿਤ ਖੁਰਾਣਾ, ਜਤਿਨ ਜਿੰਦਲ, ਸ਼ੁਭਮ, ਰੌਕੀ, ਅਨੀਸ਼ ਕੁਮਾਰ, ਸੰਜੇ ਬਾਂਸਲ, ਦੀਪਕ ਮਾਡਰਨ, ਸੁਨੀਲ ਮੰਗਲਾ, ਰਿਤੇਸ਼ ਕੁਮਾਰ, ਪ੍ਰਿੰਸ ਭਦੌੜ, ਵਿਨੋਦ ਕੁਮਾਰ ਭਦੌੜ, ਸੁਰੇਸ਼ ਧਨੌਲਾ, ਆਦਿ ਹਾਜ਼ਰ ਸਨ।